ਦੇਸ਼ ਦੇ ਉੱਘੇ ਵਾਇਰਲੋਜਿਸਟ ਸ਼ਾਹਿਦ ਜਮੀਲ ਨੇ ਕੋਵਿਡ ਪੈਨਲ ਤੋਂ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਤੌਰ ਤਰੀਕਿਆਂ 'ਤੇ ਚੁੱਕੇ ਸੀ ਸਵਾਲ

Senior virologist Shahid Jameel has resigned

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਉੱਘੇ ਵਾਇਰਲੋਜਿਸਟ ਸ਼ਾਹਿਦ ਜਮੀਲ ਨੇ ਵਿਗਿਆਨੀਆਂ ਦੇ ਸਲਾਹਕਾਰ ਗਰੁੱਪ ਦੇ ਫੋਰਮ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਫੋਰਮ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਪਤਾ ਲਗਾਉਣ ਲਈ ਬਣਾਇਆ ਗਿਆ ਸੀ। ਦਰਅਸਲ ਜਮੀਲ ਨੇ ਕਈ ਹਫ਼ਤੇ ਪਹਿਲਾਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਤੌਰ ਤਰੀਕਿਆਂ ’ਤੇ ਸਵਾਲ ਚੁੱਕੇ ਸੀ। ਹਾਲਾਂਕਿ ਉਹਨਾਂ ਦੇ ਅਸਤੀਫ਼ਾ ਦਾ ਕਾਰਨ ਪਤਾ ਨਹੀਂ ਚੱਲ ਸਕਿਆ।

ਜ਼ਿਕਰਯੋਗ ਹੈ ਕਿ ਸ਼ਾਹਿਦ ਜਮੀਲ ਅਸ਼ੋਕਾ ਯੂਨੀਵਰਸਿਟੀ ਵਿਚ ਤ੍ਰਿਵੇਦੀ ਸਕੂਲ ਆਫ ਬਾਇਓਸਾਇੰਸ ਦੇ ਡਾਇਰੈਕਟਰ ਹਨ। ਹਾਲ ਹੀ ਵਿਚ ਉਹਨਾਂ ਨੇ ਨਿਊਯਾਰਕ ਟਾਈਮਜ਼ ਵਿਚ ਇਕ ਲੇਖ ਲਿਖਿਆ ਸੀ, ਜਿਸ ਵਿਚ ਉਹਨਾਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਸੀ ਕਿ ਭਾਰਤ ਸਰਕਾਰ ਰਣਨੀਤੀ ਬਣਾਉਣ ਵਿਚ ਜ਼ਿੱਦੀ ਰਵੱਈਆ ਅਪਣਾ ਰਹੀ ਹੈ। ਉਹਨਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਸਰਕਾਰ ਇਹ ਰਵੱਈਆ ਛ਼ੱਡੇ।

ਦੱਸ ਦਈਏ ਕਿ ਹਾਲ ਹੀ ਵਿਚ ਸ਼ਾਹਿਦ ਜਮੀਲ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਗਿਰਾਵਟ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕਾਫੀ ਹੌਲੀ ਹੈ। ਉਹਨਾਂ ਨੇ ਕਿਹਾ ਸੀ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਦੂਜੀ ਲਹਿਰ ਦੇ ਪੀਕ ’ਤੇ ਪਹੁੰਚ ਗਏ ਹਾਂ, ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਦੂਜੀ ਲਹਿਰ ਨੂੰ ਖਤਮ ਹੋਣ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਸ਼ਾਹਿਦ ਜਮੀਲ ਨੇ ਅਜਿਹੇ ਸਮੇਂ ਤਿਆਗ ਪੱਤਰ ਦਿੱਤਾ ਹੈ ਜਦੋਂ ਭਾਰਤ ਕੋਰੋਨਾ ਮਹਾਂਮਾਰੀ ਦੀ ਦੂਜੀ ਖਤਰਨਾਕ ਲਹਿਰ ਨਾਲ ਜੂਝ ਰਿਹਾ ਹੈ।