ਏਅਰ ਇੰਡੀਆ ਦੀ ਦਿੱਲੀ-ਸਿਡਨੀ ਫਲਾਈਟ ਵਿਚ ਉਡਾਣ ਦੌਰਾਨ ਲੱਗੇ ਤੇਜ਼ ਝਟਕੇ, ਕਈ ਯਾਤਰੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਾਤਰੀਆਂ ਨੂੰ ਸਿਡਨੀ ਦੇ ਹਵਾਈ ਅੱਡੇ ’ਤੇ ਮੈਡੀਕਲ ਸਹਾਇਤਾ ਦਿਤੀ ਗਈ

Severe Turbulence On Air India's Delhi-Sydney Flight



ਨਵੀਂ ਦਿੱਲੀ: ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਹਵਾ ਵਿਚ ਹੀ ਅਚਾਨਕ ਤੇਜ਼ ਝਟਕੇ ਲੱਗੇ, ਜਿਸ ਕਾਰਨ ਉਸ ਵਿਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਘਟਨਾ ਮੰਗਲਵਾਰ ਦੀ ਹੈ, ਜਦੋਂ ਏਅਰ ਇੰਡੀਆ ਦੇ ਇਕ ਜਹਾਜ਼ ਨੇ ਦਿੱਲੀ ਤੋਂ ਸਿਡਨੀ ਲਈ ਉਡਾਣ ਭਰੀ ਅਤੇ ਉਸ ਨੂੰ ਹਵਾ ਵਿਚ ਤੇਜ਼ ਝਟਕਿਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਦੋਸਤ ਨਾਲ ਰਲ ਕੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਦਿਤੀ ਰੂਹ ਕੰਬਾਊ ਮੌਤ 

ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਕਿਸੇ ਯਾਤਰੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਯਾਤਰੀਆਂ ਨੂੰ ਸਿਡਨੀ ਦੇ ਹਵਾਈ ਅੱਡੇ ’ਤੇ ਮੈਡੀਕਲ ਸਹਾਇਤਾ ਦਿਤੀ ਗਈ। ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਕੋਈ ਵੀ ਯਾਤਰੀ ਹਸਪਤਾਲ ਵਿਚ ਭਰਤੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਸਬੰਧੀ ਪਟੀਸ਼ਨ ’ਤੇ ਸੁਣਵਾਈ: ਹਾਈ ਕੋਰਟ ਨੇ ਡੀਜੀਪੀ ਨੂੰ 24 ਮਈ ਨੂੰ ਕੀਤਾ ਤਲਬ

ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦਸਿਆ, “ਸੱਤ ਯਾਤਰੀਆਂ ਨੇ ਮਾਮੂਲੀ ਮੋਚ ਦੀ ਸੂਚਨਾ ਦਿਤੀ ਹੈ। ਕੈਬਿਨ ਕਰੂ ਨੇ ਇਕ ਡਾਕਟਰ ਅਤੇ ਜਹਾਜ਼ ਵਿਚ ਯਾਤਰਾ ਕਰ ਰਹੀ ਇਕ ਨਰਸ ਦੀ ਸਹਾਇਤਾ ਨਾਲ ਮੈਡੀਕਲ ਕਿਟ ਦੀ ਵਰਤੋਂ ਕੀਤੀ”। ਅਧਿਕਾਰੀ ਨੇ ਦਸਿਆ ਕਿ ਸਿਡਨੀ ਵਿਚ ਏਅਰ ਇੰਡੀਆ ਦੇ ਏਅਰਪੋਰਟ ਮੈਨੇਜਰ ਨੇ ਯਾਤਰੀਆਂ ਨੂੰ ਪਹੁੰਚਣ 'ਤੇ ਡਾਕਟਰੀ ਸਹਾਇਤਾ ਦਾ ਵੀ ਪ੍ਰਬੰਧ ਕੀਤਾ।