Delhi Police Encounter: ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਅਜੈ ਪੁਲਿਸ ਮੁਕਾਬਲੇ ਵਿਚ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਇਕ ਹੋਰ ਸ਼ੂਟਰ ਅਭਿਸ਼ੇਕ ਉਰਫ ਚੂਰਨ ਨੂੰ ਕੀਤਾ ਗ੍ਰਿਫਤਾਰ

Member of Himanshu Bhau Gang Killed in Delhi Police Encounter

Delhi Police Encounter: ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੁੱਝ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਅਜੈ ਉਰਫ ਗੋਲੀ ਨਾਂ ਦਾ ਇਕ ਸ਼ੂਟਰ ਗੋਲੀ ਲੱਗਣ ਨਾਲ ਮਾਰਿਆ ਗਿਆ ਸੀ। ਅਜੇ ਪੁਰਤਗਾਲ 'ਚ ਬੈਠੇ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਸੀ। ਇਹ ਮੁਕਾਬਲਾ ਬਾਹਰੀ ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ਵਿਚ ਹੋਇਆ। ਪੁਲਿਸ ਨੇ ਦਸਿਆ ਕਿ ਮਾਰਿਆ ਗਿਆ ਬਦਮਾਸ਼ ਤਿਲਕ ਨਗਰ ਗੋਲੀਬਾਰੀ ਵਿਚ ਲੋੜੀਂਦਾ ਸੀ। ਉਥੇ ਹੀ ਅਲੀਪੁਰ 'ਚ ਹੋਏ ਮੁਕਾਬਲੇ 'ਚ ਪੁਲਿਸ ਨੇ ਸ਼ੂਟਰ ਅਭਿਸ਼ੇਕ ਉਰਫ ਚੂਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਬਦਮਾਸ਼ ਵੀ ਹਿਮਾਂਸ਼ੂ ਭਾਊ ਦਾ ਸ਼ੂਟਰ ਹੈ।

ਪੁਲਿਸ ਨੇ ਦਸਿਆ ਕਿ ਮ੍ਰਿਤਕ ਅਜੇ ਉਰਫ ਗੋਲੀ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ। ਉਹ ਹਿਮਾਂਸ਼ੂ ਦੇ ਭਰਾ ਦੇ ਬਹੁਤ ਨੇੜੇ ਸੀ ਅਤੇ ਉਸ ਲਈ ਸ਼ੂਟਰ ਵਜੋਂ ਕੰਮ ਕਰਦਾ ਸੀ। ਅਲੀਪੁਰ 'ਚ ਇਕ ਹੋਰ ਮੁਕਾਬਲੇ 'ਚ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਮਾਂਸ਼ੂ ਭਾਊ ਦੇ ਇਕ ਹੋਰ ਸ਼ੂਟਰ ਚੂਰਨ ਨੂੰ ਗ੍ਰਿਫਤਾਰ ਕੀਤਾ। ਉਹ ਵੀ ਤਿਲਕ ਨਗਰ ਗੋਲੀਬਾਰੀ ਵਿਚ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ 6 ਮਈ ਨੂੰ ਦਿੱਲੀ ਦੇ ਤਿਲਕ ਨਗਰ 'ਚ 2 ਸ਼ੂਟਰਾਂ ਨੇ 15 ਤੋਂ ਵੱਧ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਹਾਲਾਂਕਿ ਸ਼ੋਅਰੂਮ ਦੇ ਸ਼ੀਸ਼ੇ ਟੁੱਟਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਜਾਂਚ ਵਿਚ ਗੈਂਗਸਟਰ ਹਿਮਾਂਸ਼ੂ ਭਾਊ ਦਾ ਨਾਮ ਸਾਹਮਣੇ ਆਇਆ। ਅਜੇ ਅਤੇ ਅਭਿਸ਼ੇਕ ਉਹੀ ਸ਼ੂਟਰ ਹਨ ਜਿਨ੍ਹਾਂ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿਤਾ ਸੀ।

22 ਸਾਲਾ ਗੈਂਗਸਟਰ ਹਿਮਾਂਸ਼ੂ ਭਾਊ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਇੰਟਰਪੋਲ ਨੇ ਸਾਲ 2023 'ਚ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਹਿਮਾਂਸ਼ੂ ਭਾਊ 'ਤੇ 2.5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਸ 'ਤੇ 2022 'ਚ ਜਾਅਲੀ ਪਾਸਪੋਰਟ ਰਾਹੀਂ ਭਾਰਤ ਤੋਂ ਭੱਜਣ ਦਾ ਦੋਸ਼ ਹੈ। ਉਸ ਦੀ ਆਖਰੀ ਲੋਕੇਸ਼ਨ ਪੁਰਤਗਾਲ 'ਚ ਮਿਲੀ ਹੈ, ਇਸ ਲਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਿਮਾਂਸ਼ੂ ਭਾਊ ਪੁਰਤਗਾਲ 'ਚ ਲੁਕਿਆ ਹੋਇਆ ਹੈ। ਉਸ ਦਾ ਨਾਮ ਦੇਸ਼ ਦੇ ਚੋਟੀ ਦੇ 10 ਸੱਭ ਤੋਂ ਲੋੜੀਂਦੇ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਹੈ। ਹਿਮਾਂਸ਼ੂ ਭਾਊ ਦਰਜਨਾਂ ਸ਼ੂਟਰਾਂ ਦਾ ਸਿੰਡੀਕੇਟ ਚਲਾ ਰਿਹਾ ਹੈ।

ਹਿਮਾਂਸ਼ੂ ਅਤੇ ਉਸ ਦੇ ਗਿਰੋਹ 'ਤੇ ਕਤਲ, ਧੋਖਾਧੜੀ, ਡਕੈਤੀ ਅਤੇ ਜਬਰੀ ਵਸੂਲੀ ਦੇ 18 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਰਿਕਾਰਡ ਅਨੁਸਾਰ ਹਿਮਾਂਸ਼ੂ ਭਾਊ ਖ਼ਿਲਾਫ਼ ਰੋਹਤਕ ਜ਼ਿਲ੍ਹੇ ਵਿਚ 10, ਝੱਜਰ ਜ਼ਿਲ੍ਹੇ ਵਿਚ 7 ਕੇਸ ਅਤੇ ਉੱਤਰੀ ਦਿੱਲੀ ਵਿਚ ਇਕ ਕੇਸ ਦਰਜ ਹੈ। ਹਰਿਆਣਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ 'ਤੇ ਡੇਢ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਉਸ ਦੀ ਗ੍ਰਿਫਤਾਰੀ 'ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।

 (For more Punjabi news apart from Member of Himanshu Bhau Gang Killed in Delhi Police Encounter, stay tuned to Rozana Spokesman)