Odisha News: ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ, 6 ਦੀ ਹਾਲਤ ਗੰਭੀਰ
ਅਸਮਾਨੀ ਬਿਜਲੀ ਨੇ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਬਣਾਇਆ ਨਿਸ਼ਾਨਾ
ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ’ਚ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਛੇ ਹੋਰ ਲੋਕ ਗੰਭੀਰ ਹਾਲਤ ਵਿਚ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਮ੍ਰਿਤਕਾਂ ਦੀ ਪਛਾਣ ਬੁਦਰੀ ਮਡਿੰਗਾ (60), ਕਾਸਾ ਮਡਿੰਗਾ (16) ਅਤੇ ਅੰਬਿਕਾ ਕਾਸ਼ੀ (35) ਵਜੋਂ ਹੋਈ ਹੈ। ਬੁਦਰੀ ਦੇ ਪਤੀ ਹਿੰਗੂ ਮਡਿੰਗਾ ਅਤੇ ਪੰਜ ਹੋਰਾਂ ਨੂੰ ਗੰਭੀਰ ਹਾਲਤ ਵਿਚ ਲਖੀਮਪੁਰ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕੋਰਾਪੁਟ ਜ਼ਿਲ੍ਹੇ ਦੇ ਲਕਸ਼ਮੀਪੁਰ ਬਲਾਕ ਅਧੀਨ ਓਡੀਆਪੇਠ ਗ੍ਰਾਮ ਪੰਚਾਇਤ ਦੇ ਪਾਰਟੀਗੁਡਾ ਪਿੰਡ ਵਿਚ ਸ਼ੁਕਰਵਾਰ ਸ਼ਾਮ ਨੂੰ ਕਾਲਬੈਸਾਖੀ ਕਾਰਨ ਤੇਜ਼ ਮੀਂਹ ਨਾਲ ਬਿਜਲੀ ਚਮਕੀ। ਸਾਰਾ ਅਸਮਾਨ ਬਿਜਲੀ ਦੀ ਗਰਜ ਨਾਲ ਗੂੰਜ ੳੱੁਠਿਆ। ਇਸ ਦੌਰਾਨ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਨੇੜੇ ਹੀ ਇਕ ਝੌਂਪੜੀ ਵਿਚ ਪਨਾਹ ਲਈ ਫਿਰ ਅਚਾਨਕ ਝੌਂਪੜੀ ’ਤੇ ਬਿਜਲੀ ਡਿੱਗ ਪਈ।
ਬੁਦਰੀ ਮਡਿੰਗਾ, ਉਸ ਦੀ ਪੋਤੀ ਕਾਸਾ ਮਡਿੰਗਾ ਅਤੇ ਅੰਬਿਕਾ ਕਾਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਸਿਮਿਲੀਗੁਡਾ ਬਲਾਕ ਦੇ ਚਰਨਗੁਲ ਪੰਚਾਇਤ ਅਧੀਨ ਪੈਂਦੇ ਪਿੰਡ ਖਾਲਪਾੜੀ ਦੇ ਕੁਮ ਜਾਨੀ ਦੇ ਪੁੱਤਰ ਦਾਸ ਜਾਨੀ (32) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਨਵਰੰਗਪੁਰ ਜ਼ਿਲ੍ਹੇ ਦੇ ਉਮਰਕੋਟ ਬਲਾਕ ਅਧੀਨ ਪੈਂਦੇ ਪਿੰਡ ਬੇਨੋਰਾ ਵਿਚ ਬਿਜਲੀ ਡਿੱਗਣ ਨਾਲ ਇਕ ਨਾਬਾਲਗ ਦੀ ਮੌਤ ਹੋ ਗਈ,
ਜਦੋਂ ਕਿ ਉਸ ਦੇ ਦਾਦਾ ਜੀ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਇਲਾਜ ਅਧੀਨ ਹਨ। ਬੇਨੋਰਾ ਪੰਚਾਇਤ ਦੇ ਸ਼ੰਕਰਦਾ ਪਿੰਡ ਦੇ ਚੈਤਰਾਮ ਮਾਝੀ (35) ਅਤੇ ਉਸ ਦਾ ਭਤੀਜਾ ਲਲਿਤ ਮਾਝੀ (15) ਮੱਕੀ ਸੁਕਾਉਣ ਲਈ ਬਨਾੜਾ ਪਿੰਡ ਗਏ ਹੋਏ ਸਨ। ਫਰਸ਼ ’ਤੇ ਮੱਕੀ ਸੁਕਾਉਂਦੇ ਸਮੇਂ ਦੁਪਹਿਰ ਦੇ ਲਗਪਗ 3:30 ਵਜੇ ਤੇਜ਼ ਹਵਾ ਵਗੀ ਅਤੇ ਮੀਂਹ ਪੈਣ ਲੱਗਾ। ਇਸ ਦੌਰਾਨ ਚੈਤਰਾਮ ਅਤੇ ਲਲਿਤ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।
ਢੇਨਕਨਾਲ ਜ਼ਿਲ੍ਹੇ ਦੇ ਕੰਕੜਾਧਾਰ ਬਲਾਕ ਦੇ ਦਸਾਈਪੁਰ ਪੰਚਾਇਤ ਖੇਤਰ ਦੇ ਕੁਸੁਮੁਦੀਆ ਪਿੰਡ ਦੀ ਸੁਰੂਸ਼ੀ ਬਿਸਵਾਲ (40) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਦੁਪਹਿਰ ਵੇਲੇ ਸੁਰੂਸ਼ੀ ਘਰ ਦੇ ਸਾਹਮਣੇ ਸੀ ਜਦੋਂ ਅਚਾਨਕ ਬਿਜਲੀ ਡਿੱਗੀ ਅਤੇ ਉਹ ਸੜ ਗਈ। ਉਸ ਨੂੰ ਪਰਜੰਗ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਗੰਜਮ ਜ਼ਿਲ੍ਹੇ ਦੇ ਬੇਲਗੁੰਟਾ ਥਾਣਾ ਖੇਤਰ ਦੇ ਕੇਬੀਰੀ ਬਰਹਮਪੁਰ ਵਿ ਬਿਜਲੀ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਈ। ਕੇਬੀਰੀ ਬਰਹਮਪੁਰ ਪਿੰਡ ਦੇ ਪੂਰਨਚੰਦਰ ਗੌਡ ਦੀ ਧੀ ਰੀਤਾ ਗੌਡ (30) ਬਿਜਲੀ ਦੇ ਸੰਪਰਕ ਵਿਚ ਆਉਣ ਕਾਰਨ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਅੰਬਾਟੋਟਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਸੇ ਤਰ੍ਹਾਂ ਤਨਰਾਡਾ ਪਿੰਡ ਦੀ ਨਰਮਦਾ ਪੋਲਾਈ (38) ਆਪਣੇ ਘਰ ਦੇ ਸਾਹਮਣੇ ਬੈਠੀ ਸੀ ਜਦੋਂ ਬਿਜਲੀ ਡਿੱਗੀ ਅਤੇ ਉਹ ਗੰਭੀਰ ਰੂਪ ਵਿਚ ਸੜ ਗਈ। ਉਸ ਦਾ ਭੰਜਨਨਗਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਵੀ ਸੂਰਿਆਨਗਰ ਥਾਣੇ ਅਧੀਨ ਪੈਂਦੇ ਪਿੰਡ ਏ. ਬਰੀਦਾ ਦੇ ਲਕਸ਼ਮਣ ਪ੍ਰਧਾਨ ਦੇ 13 ਸਾਲਾ ਪੁੱਤਰ ਓਮ ਪ੍ਰਕਾਸ਼ ਪ੍ਰਧਾਨ ਦੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ।
ਉਹ ਪਿੰਡ ਦੇ ਖੇਡ ਦੇ ਮੈਦਾਨ ਵਿਚ ਕ੍ਰਿਕਟ ਖੇਡ ਰਿਹਾ ਸੀ ਜਦੋਂ ਉਸ ’ਤੇ ਬਿਜਲੀ ਡਿੱਗ ਗਈ। ਸਿਆਲਿਲਟੀ ਪੰਚਾਇਤ ਦੇ ਕਨਕਾਟਾ ਪਿੰਡ ਦੀ ਦਮਯੰਤੀ ਮੰਡਲ (35) ਸੜਕ ਕਿਨਾਰੇ ਬੈਠੀ ਸਬਜ਼ੀ ਵੇਚ ਰਹੀ ਸੀ। ਉਸ ਦੀ ਮੌਤ ਬਿਜਲੀ ਡਿੱਗਣ ਕਾਰਨ ਹੋਈ। ਇਸ ਦੌਰਾਨ, ਪਿੰਡ ਦੇ ਇੱਕ ਪਰਿਵਾਰ ਦੇ ਦਾਊਦ ਮੰਡਲ, ਲੰਕੇਈ ਭੁਈਆਂ, ਪੰਡਿਤ ਭੁਈਆਂ, ਮੈਂਗੀ ਭੁਈਆਂ ਅਤੇ ਸੁਨੀਲਾ ਰਾਇਤ ਬਿਜਲੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਝੁਲਸ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕਟਕ ਜ਼ਿਲ੍ਹੇ ਦੇ ਨਰਸਿੰਘਪੁਰ ਬਲਾਕ ਦੇ ਸੀਆਰੀਆ ਵਿਸ਼ਵਨਾਥਪੁਰ ਪਿੰਡ ਦੇ ਪ੍ਰਫੁੱਲ ਕੁਮਾਰ ਸਾਹੂ ਦਾ ਪੁੱਤਰ ਆਦਿਤਿਆ ਕੁਮਾਰ ਸਾਹੂ (24) ਆਪਣੇ ਘਰ ਦੇ ਨੇੜੇ ਖੜ੍ਹਾ ਸੀ ਜਦੋਂ ਉਸ ’ਤੇ ਬਿਜਲੀ ਡਿੱਗ ਗਈ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਨਪੁਰ ਮੈਡੀਕਲ ਕਾਲਜ ਹਸਪਤਾਲ ਲੈ ਗਏ ਅਤੇ ਉੱਥੋਂ ਉਸ ਨੂੰ ਕਟਕ ਦੇ ਐਸਸੀਬੀ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਢੇਨਕਨਾਲ ਜ਼ਿਲ੍ਹੇ ਦੇ ਗੋਂਡੀਆ ਥਾਣੇ ਅਧੀਨ ਆਉਂਦੇ ਕਾਬਰਾ ਪਿੰਡ ਦੇ ਸਨਾਤਨ ਦਿਆਨੀ (45) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਜਾਜਪੁਰ ਜ਼ਿਲ੍ਹੇ ਦੇ ਧਰਮਸ਼ਾਲਾ ਬਲਾਕ ਦੇ ਕਟਬੰਦ ਇਲਾਕੇ ਵਿੱਚ ਬਿਜਲੀ ਡਿੱਗਣ ਕਾਰਨ ਦੋ ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਾਰਾ ਹੇਂਬ੍ਰਮ (9), ਮਨੀ ਹੇਂਬ੍ਰਮ ਦੇ ਪੁੱਤਰ ਅਤੇ ਜਖੂਮ ਚਤਰ (12), ਪਾਂਡੇ ਚਤਰ ਦੇ ਪੁੱਤਰ ਵਜੋਂ ਹੋਈ ਹੈ।
ਦੋਵੇਂ ਸ਼ਾਮ 5 ਵਜੇ ਘਰ ਦੇ ਬਾਹਰ ਖੇਡ ਰਹੇ ਸਨ ਜਦੋਂ ਉਨ੍ਹਾਂ ’ਤੇ ਬਿਜਲੀ ਡਿੱਗ ਪਈ ਅਤੇ ਦੋਵਾਂ ਦੀ ਮੌਤ ਹੋ ਗਈ। ਬਾਲੇਸ਼ਵਰ ਦੇ ਔਪਾੜਾ ਬਲਾਕ ਵਿੱਚ ਬਿਜਲੀ ਡਿੱਗਣ ਨਾਲ ਇੱਕ ਮਜ਼ਦੂਰ ਚੁਨਾਰਾਮ ਕਿਸਕੂ (31) ਦੀ ਮੌਤ ਹੋ ਗਈ। ਉਸ ਦਾ ਘਰ ਮਯੂਰਭੰਜ ਜ਼ਿਲ੍ਹੇ ਦੇ ਉਡਾਲਾ ਥਾਣੇ ਅਧੀਨ ਪੈਂਦੇ ਕੁਟਿੰਗ ਪਿੰਡ ਵਿੱਚ ਦਸਿਆ ਜਾਂਦਾ ਹੈ।