ਸੁਪੌਲ ਵਿਚ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਵਾਲੀ ਇਕ ਔਰਤ ਦਾ ਕਤਲ ਕਰ ਦਿਤਾ ਗਿਆ ਤੇ ਉਸ ਦੀ ਲਾਸ਼ ਨੂੰ ਇਕ ਟੋਏ ਵਿਚ ਦੱਬ ਦਿੱਤਾ ਗਿਆ। ਪੁਲਿਸ ਨੇ 10 ਥਾਵਾਂ ’ਤੇ ਟੋਏ ਪੁੱਟ ਦਿਤੇ ਅਤੇ ਫਿਰ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਸਹੁਰਾ ਹਿਰਾਸਤ ਵਿਚ ਹੈ, ਪਤੀ ਅਤੇ ਹੋਰ ਦੋਸ਼ੀ ਫਰਾਰ ਹਨ। ਪੁਲਿਸ ਜਾਂਚ ਵਿੱਚ ਰੁੱਝੀ ਹੋਈ ਹੈ।
ਜਾਣਕਾਰੀ ਅਨੁਸਾਰ ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇਕ ਔਰਤ ਦੀ ਲਾਸ਼ 4 ਫੁੱਟ ਡੂੰਘੇ ਟੋਏ ਵਿਚੋਂ ਬਰਾਮਦ ਕੀਤੀ ਗਈ। ਮਾਮਲਾ ਕੁਨੌਲੀ ਥਾਣਾ ਖੇਤਰ ਦੇ ਕਮਾਲਪੁਰ ਵਾਰਡ ਨੰਬਰ 1 ਦਾ ਹੈ। ਮ੍ਰਿਤਕਾ ਦੀ ਪਛਾਣ 25 ਸਾਲਾ ਨਿਰਮਲਾ ਦੇਵੀ ਵਜੋਂ ਹੋਈ ਹੈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਔਰਤ ਸੋਸ਼ਲ ਮੀਡੀਆ ’ਤੇ ਰੀਲ ਬਣਾਉਂਦੀ ਸੀ, ਜਿਸ ਕਾਰਨ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਗੁੱਸੇ ਵਿਚ ਆ ਕੇ ਉਸ ਨੂੰ ਮਾਰ ਦਿਤਾ। ਇਸ ਦੇ ਨਾਲ ਹੀ, ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਕਿਹਾ ਕਿ ਔਰਤ ਨੂੰ ਉਸ ਦੇ ਸਹੁਰਿਆਂ ਨੇ ਇਸ ਲਈ ਮਾਰਿਆ ਕਿਉਂਕਿ ਉਸ ਦਾ ਕੋਈ ਬੱਚਾ ਨਹੀਂ ਸੀ।
ਮ੍ਰਿਤਕਾ ਦੇ ਪਿਤਾ ਨੇ ਸ਼ੁੱਕਰਵਾਰ ਸਵੇਰੇ 7 ਵਜੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਘਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਕਰ ਦਿਤੀ। ਘਰ ਦੇ ਅੰਦਰ ਤਿੰਨ ਫੁੱਟ ਡੂੰਘਾ ਟੋਆ ਪੁੱਟਣ ਅਤੇ ਖੇਤ ਤੋਂ ਤਲਾਅ ਤਕ ਕੁੱਲ 10 ਟੋਏ ਪੁੱਟਣ ਤੋਂ ਬਾਅਦ, ਔਰਤ ਦੀ ਲਾਸ਼ ਤਲਾਅ ਦੇ ਨੇੜੇ ਤੋਂ ਇਕ ਬੋਰੀ ਵਿਚ ਬਰਾਮਦ ਕੀਤੀ ਗਈ।
ਸ਼ੁਰੂਆਤੀ ਜਾਂਚ ਵਿਚ, ਗਲਾ ਘੁੱਟ ਕੇ ਕਤਲ ਦੀ ਸੰਭਾਵਨਾ ਜਤਾਈ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਸਹੁਰੇ ਚੰਦੇਸ਼ਵਰ ਮਹਿਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਦੋਂ ਕਿ ਪਤੀ ਰਾਜੂ ਮਹਿਤਾ ਅਤੇ ਹੋਰ ਦੋਸ਼ੀ ਫ਼ਰਾਰ ਹਨ। ਇਹ ਮ੍ਰਿਤਕ ਦਾ ਦੂਜਾ ਵਿਆਹ ਸੀ, ਜੋ ਦੋ ਸਾਲ ਪਹਿਲਾਂ ਰਾਜੂ ਮਹਿਤਾ ਨਾਲ ਹੋਇਆ ਸੀ।
ਦੋਵਾਂ ਦਾ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਵਿਚੋਂ ਕਿਸੇ ਦੇ ਵੀ ਪਹਿਲੇ ਵਿਆਹ ਤੋਂ ਬੱਚੇ ਨਹੀਂ ਸਨ। ਔਰਤ ਅਕਸਰ ਰੀਲਾਂ ਬਣਾਉਂਦੀ ਸੀ, ਜਿਸ ਕਾਰਨ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਗੁੱਸੇ ਵਿਚ ਸਨ। ਇਸ ਕਾਰਨ ਘਰ ਵਿਚ ਹਰ ਰੋਜ਼ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਵੀਰਵਾਰ ਰਾਤ ਨੂੰ ਵੀ ਲੜਾਈ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ, ਜਿਸ ਤੋਂ ਬਾਅਦ ਅਚਾਨਕ ਸਭ ਕੁਝ ਸ਼ਾਂਤ ਹੋ ਗਿਆ।
ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।