ਅਫ਼ਸਰਾਂ ਦੀ ਹੜਤਾਲ ਕਰ ਕੇ ਦਿੱਲੀ ਦਾ ਹਾਲ ਰਾਸ਼ਟਰਪਤੀ ਰਾਜ ਵਰਗਾ : ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਆਈ.ਏ.ਐਸ. ਅਧਿਕਾਰੀਆਂ ਦੀ 'ਹੜਤਾਲ' ਨੂੰ ਵੇਖਦਿਆਂ ਦਿੱਲੀ 'ਚ ਇਕ ਤਰ੍ਹਾਂ ਨਾਲ ....

Arvind Kejriwal

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਆਈ.ਏ.ਐਸ. ਅਧਿਕਾਰੀਆਂ ਦੀ 'ਹੜਤਾਲ' ਨੂੰ ਵੇਖਦਿਆਂ ਦਿੱਲੀ 'ਚ ਇਕ ਤਰ੍ਹਾਂ ਨਾਲ ਰਾਸ਼ਟਰਪਤੀ ਰਾਜ ਲਗਿਆ ਹੋਇਆ ਹੈ। ਕੇਜਰੀਵਾਲ ਅਤੇ ਉਨ੍ਹਾਂ ਦੇ ਤਿੰਨ ਮੰਤਰੀਆਂ ਦਾ ਉਪ-ਰਾਜਪਾਲ ਦਫ਼ਤਰ ਰਾਜਨਿਵਾਸ 'ਚ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ।  'ਆਪ' ਆਗੂ ਮੰਗ ਕਰ ਰਹੇ ਹਨ ਕਿ ਉਪ-ਰਾਜਪਾਲ ਤੁਰਤ ਆਈ.ਏ.ਐਸ. ਅਧਿਕਾਰੀਆਂ ਨੂੰ ਹੜਤਾਲ ਖ਼ਤਮ ਕਰਨ ਦਾ ਹੁਕਮ ਦੇਣ।

ਕੇਜਰੀਵਾਲ ਨਾਲ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ ਅਤੇ ਵਿਕਾਸ, ਕਿਰਤ ਅਤੇ ਰੁਜ਼ਗਾਰ ਮੰਤਰੀ ਗੋਪਾਲ ਰਾਏ ਸੋਮਵਾਰ ਸ਼ਾਮ ਤੋਂ ਉਪ-ਰਾਜਪਾਲ ਦੇ ਦਫ਼ਤਰ 'ਚ ਧਰਨੇ 'ਤੇ ਹਨ। ਜੈਨ ਅਤੇ ਸਿਸੋਦੀਆ ਲੜੀਵਾਰ ਮੰਗਲਵਾਰ ਅਤੇ ਬੁਧਵਾਰ ਨੂੰ ਭੁੱਖ ਹੜਤਾਲ 'ਤੇ ਬੈਠੇ।
ਕੇਜਰੀਵਾਲ ਨੇ ਨਰਿੰਦਰ ਮੋਦੀ ਕੋਲੋਂ ਪੁਛਿਆ ਸੀ ਕਿ ਕੀ ਉਹ ਅਪਣੇ ਅਧਿਕਾਰੀਆਂ ਦੀ ਬੈਠਕ 'ਚ ਸ਼ਾਮਲ ਨਾ ਹੋਣ 'ਤੇ ਕੰਮ ਕਰ ਸਕਦੇ ਹਨ?

ਉਨ੍ਹਾਂ ਆਈ.ਏ.ਐਸ. ਅਧਿਕਾਰੀਆਂ ਦੀ ਕਥਿਤ 'ਹੜਤਾਲ' ਦੇ ਮਾਮਲੇ 'ਤੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਲਾਇਆ ਅਤੇ ਉਨ੍ਹਾਂ ਨੂੰ ਅਪਣੇ ਅਧਿਕਾਰੀਆਂ ਤੋਂ ਬਗ਼ੈਰ ਕੰਮ ਕਰਨ ਦੀ ਚੁਨੌਤੀ ਦਿਤੀ ਸੀ। ਉਨ੍ਹਾਂ ਕਿਹਾ ਕਿ ਕੀ ਪ੍ਰਧਾਨ ਮੰਤਰੀ ਇਕ ਦਿਨ ਵੀ ਅਧਿਕਾਰੀਆਂ ਤੋਂ ਬਗ਼ੈਰ ਕੰਮ ਕਰ ਸਕਦੇ ਹਨ? ਮੋਦੀ ਨੂੰ ਕਲ ਲਿਖੀ ਇਕ ਚਿੱਠੀ 'ਚ ਕੇਜਰੀਵਾਲ ਨੇ ਅਪੀਲ ਕੀਤੀ ਸੀ ਕਿ ਉਹ ਆਈ.ਏ.ਐਸ. ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ, ਤਾਕਿ ਉਹ ਐਤਵਾਰ ਨੂੰ ਨੀਤੀ ਕਮਿਸ਼ਨ 'ਚ ਹੋਣ ਵਾਲੀ ਬੈਠਕ 'ਚ ਸ਼ਾਮਲ ਹੋ ਸਕਣ। 

ਹਾਲਾਂਕਿ, ਆਈ.ਏ.ਐਸ. ਅਧਿਕਾਰੀ ਸੰਘ ਲਗਾਤਾਰ ਇਸ ਗੱਲ ਦਾ ਦਾਅਵਾ ਕਰ ਰਿਹਾ ਹੈ ਕਿ ਕੋਈ ਵੀ ਅਧਿਕਾਰੀ 'ਹੜਤਾਲ' 'ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਸਰਕਾਰ ਵਿਰੁਧ ਸੰਕੇਤਕ ਰੋਸ ਪ੍ਰਗਟਾਉਣ ਲਈ ਰੋਜ਼ ਸਿਰਫ਼ ਪੰਜ ਮਿੰਟ ਹੜਤਾਲ 'ਤੇ ਜਾਂਦੇ ਹਨ। ਸਿਸੋਦੀਆ ਨੇ ਵੀ ਸਨਿਚਰਵਾਰ ਨੂੰ ਇਕ ਵੀਡੀਉ ਸੰਦੇਸ਼ 'ਚ ਕਿਹਾ ਸੀ ਕਿ ਉਪ-ਰਾਜਪਾਲ ਦਫ਼ਤਰ 'ਚੋਂ ਜ਼ਬਰਦਸਤੀ ਕੱਢੇ ਜਾਣ 'ਤੇ ਉਹ ਪਾਣੀ ਪੀਣਾ ਵੀ ਬੰਦ ਕਰ ਦੇਣਗੇ। 

ਇਸ ਦੌਰਾਨ ਦਿੱਲੀ ਹਾਈ ਕੋਰਟ ਕਲ ਉਸ ਅਪੀਲ 'ਤੇ ਸੁਣਵਾਈ ਲਈ ਰਾਜ਼ੀ ਹੋ ਗਿਆ, ਜਿਸ 'ਚ ਉਪ-ਰਾਜਪਾਲ ਨੂੰ ਦਿੱਲੀ ਦੇ ਆਈ.ਏ.ਐਸ. ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ ਅਤੇ ਉਨ੍ਹਾਂ ਦੇ ਕੰਮ 'ਤੇ ਪਰਤਣ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਇਸ 'ਤੇ ਸੁਣਵਾਈ 18 ਜੂਨ ਨੂੰ ਹੋਵੇਗੀ। ਕੇਜਰੀਵਾਲ ਦੇ ਧਰਨੇ ਵਿਰੁਧ ਅਪੀਲ 'ਤੇ ਵੀ ਸੁਣਵਾਈ 18 ਜੂਨ ਨੂੰ ਹੋਵੇਗੀ।  (ਪੀਟੀਆਈ)