ਮਿਲ ਗਈ ਹੈ ਜਾਨ ਬਚਾਉਣ ਵਾਲੀ ਕੋਰੋਨਾ ਦੀ ਪਹਿਲੀ ਦਵਾਈ, WHO ਨੇ ਕੀਤਾ ਨਤੀਜੇ ਦਾ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ‘ਤੇ ਡੈਕਸਾਮੇਥਾਸੋਨ ਦਵਾਈ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਦਾ ਵਿਸ਼ਵ ਸਿਹਤ ਸੰਗਠਨ ਨੇ ਸਵਾਗਤ ਕੀਤਾ ਹੈ।

Corona Virus

ਨਵੀਂ ਦਿੱਲੀ: ਕੋਰੋਨਾ ਵਾਇਰਸ ‘ਤੇ ਡੈਕਸਾਮੇਥਾਸੋਨ ਦਵਾਈ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਦਾ ਵਿਸ਼ਵ ਸਿਹਤ ਸੰਗਠਨ ਨੇ ਸਵਾਗਤ ਕੀਤਾ ਹੈ। ਬ੍ਰਿਟੇਨ ਦੀ ਆਕਸਫੋਡ ਯੂਨੀਵਰਸਿਟੀ ਵੱਲੋਂ ਡੈਕਸਾਮੇਥਾਸੋਨ ਦਵਾਈ ਦਾ ਕਰੀਬ 2000 ਮਰੀਜਾਂ ‘ਤੇ ਟਰਾਇਲ ਕੀਤਾ ਗਿਆ ਸੀ। ਟਰਾਇਲ ਵਿਚ ਪਤਾ ਚੱਲਿਆ ਕਿ ਇਹ ਦਵਾਈ ਕਈ ਮਰੀਜਾਂ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੀ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਡੈਕਸਾਮੇਥਾਸੋਨ ਦਵਾਈ ਪਹਿਲੀ ਅਜਿਹੀ ਦਵਾਈ ਹੈ ਜੋ ਕੋਰੋਨਾ ਮਰੀਜਾਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋ ਰਹੀ ਹੈ। ਬ੍ਰਿਟੇਨ ਦੀ ਸਰਕਾਰ ਨੇ ਡੈਕਸਾਮੇਥਾਸੋਨ ਦਵਾਈ ਨਾਲ ਕੋਰੋਨਾ ਮਰੀਜਾਂ ਦੇ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਪੁਰਾਣੀ ਅਤੇ ਸਸਤੀ ਦਵਾਈ ਹੈ।

ਲੀਡ ਰਿਸਰਚਰ ਪ੍ਰੋ. ਮਾਰਟਿਨ ਲੈਂਡਰੇ ਨੇ ਕਿਹਾ ਕਿ ਜਿੱਥੇ ਵੀ ਉਚਿਤ ਹੋਵੇ, ਹੁਣ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਵਿਚ ਭਰਤੀ ਮਰੀਜਾਂ ਨੂੰ ਇਹ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਪਰ ਲੋਕਾਂ ਨੂੰ ਖੁਦ ਇਹ ਦਵਾਈ ਖਰੀਦ ਕੇ ਨਹੀਂ ਖਾਣੀ ਚਾਹੀਦੀ। ਡੈਕਸਾਮੇਥਾਸੋਨ ਦਵਾਈ ਨਾਲ ਖਾਸ ਤੌਰ ‘ਤੇ ਵੈਂਟੀਲੇਟਰ ਅਤੇ ਆਕਸੀਜਨ ਸਪੋਰਟਰ ‘ਤੇ ਰਹਿਣ ਵਾਲੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।

ਹਾਲਾਂਕਿ ਹਲਕੇ ਲੱਛਣ ਵਾਲੇ ਮਰੀਜਾਂ ਵਿਚ ਇਸ ਦਵਾਈ ਦੇ ਲਾਭ ਦੀ ਪੁਸ਼ਟੀ ਨਹੀਂ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਐਡਹੈਨਮ ਨੇ ਕਿਹਾ, ‘ਇਹ ਪਹਿਲਾ ਅਜਿਹਾ ਇਲਾਜ ਹੈ, ਜਿਸ ਨਾਲ ਆਕਸੀਜਨ ਅਤੇ ਵੈਂਟੀਲੇਟਰ ‘ਤੇ ਰਹਿਣ ਵਾਲੇ ਲੋਕਾਂ ਦੀ ਮੌਤ ਦਰ ਵਿਚ ਕਮੀ ਹੁੰਦੀ ਦਿਖਾਈ ਦਿੱਤੀ ਹੈ। ਇਹ ਕਾਫੀ ਚੰਗੀ ਖ਼ਬਰ ਹੈ। ਮੈਂ ਬ੍ਰਿਟੇਨ ਸਰਕਾਰ, ਆਕਸਫੋਰਡ ਯੂਨੀਵਰਸਿਟੀ ਅਤੇ ਹੋਰ ਲੋਕਾਂ ਨੂੰ ਵਧਾਈ ਦਿੰਦਾ ਹਾਂ’।

ਟਰਾਇਲ ਦੌਰਾਨ ਪਤਾ ਚੱਲਿਆ ਕਿ ਵੈਂਟੀਲੇਟਰ ‘ਤੇ ਰਹਿਣ ਵਾਲੇ ਮਰੀਜਾਂ ਨੂੰ ਇਹ ਦਵਾਈ ਦਿਤੇ ਜਾਣ ‘ਤੇ ਮੌਤ ਦਾ ਖਤਰਾ ਇਕ ਤਿਹਾਈ ਘਟ ਗਿਆ। ਜਿਨ੍ਹਾਂ ਮਰੀਜਾਂ ਨੂੰ ਆਕਸੀਜਨ ਸਪਲਾਈ ਦੀ ਲੋੜ ਹੁੰਦੀ ਹੈ, ਉਹਨਾਂ ਵਿਚ ਇਸ ਦਵਾਈ ਦੀ ਵਰਤੋਂ ਨਾਲ ਮੌਤ ਦਾ ਖਤਰਾ 1/5 ਘਟ ਗਿਆ ਹੈ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਜੇਕਰ ਬ੍ਰਿਟੇਨ ਵਿਚ ਇਹ ਦਵਾਈ ਪਹਿਲਾਂ ਤੋਂ ਮੌਜੂਦ ਹੁੰਦੀ ਤਾਂ ਕੋਰੋਨਾ ਨਾਲ ਪੀੜਤ 5000 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਕਿਉਂਕਿ ਇਹ ਦਵਾਈ ਸਸਤੀ ਵੀ ਹੈ।