ਜਵਾਨਾਂ ਦੀ ਕੁਰਬਾਨੀ ‘ਤੇ ਰੱਖਿਆ ਮੰਤਰੀ ਦਾ ਬਿਆਨ, ‘ਦੇਸ਼ ਨਹੀਂ ਭੁੱਲੇਗਾ ਬਲਿਦਾਨ’

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਭਾਰਤ ਦੇ 20 ਜਵਾਨਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਰਧਾਂਜਲੀ ਦਿੱਤੀ ਹੈ।

Rajnath Singh

ਨਵੀਂ ਦਿੱਲੀ: ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਭਾਰਤ ਦੇ 20 ਜਵਾਨਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਰਧਾਂਜਲੀ ਦਿੱਤੀ ਹੈ। ਬੁੱਧਵਾਰ ਨੂੰ ਟਵਿਟਰ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣਾ ਬਿਆਨ ਜਾਰੀ ਕੀਤਾ। ਰਾਜਨਾਥ ਸਿੰਘ ਨੇ ਲਿਖਿਆ ਕਿ ਗਲਵਾਨ ਘਾਟੀ ਵਿਚ ਫੌਜ ਦੇ ਜਵਾਨਾਂ ਨੇ ਅਪਣਾ ਫਰਜ਼ ਨਿਭਾਉਂਦੇ ਹੋਏ ਜਾਨ ਦੇ ਦਿੱਤੀ, ਦੇਸ਼ ਇਸ ਕੁਰਬਾਨੀ ਨੂੰ ਕਦੀ ਨਹੀਂ ਭੁੱਲ ਪਾਵੇਗਾ।

ਰਾਜਨਾਥ ਸਿੰਘ ਨੇ ਟਵੀਟ ਕੀਤਾ, ‘..ਗਲਵਾਨ ਘਾਟੀ ਵਿਚ ਫੌਜੀਆਂ ਨੂੰ ਖੋ ਦੇਣਾ ਦਰਦਨਾਕ ਹੈ। ਸਾਡੇ ਫੌਜੀਆਂ ਨੇ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੇਸ਼ ਲਈ ਜਾਨ ਦੀ ਕੁਰਬਾਨੀ ਦੇ ਦਿੱਤੀ। ਦੇਸ਼ ਉਹਨਾਂ ਦੇ ਬਲਿਦਾਨ ਨੂੰ ਕਦੀ ਨਹੀਂ ਭੁੱਲੇਗਾ’। ਰੱਖਿਆ ਮੰਤਰੀ ਨੇ ਲਿਖਿਆ ਕਿ ਸਾਨੂੰ ਦੇਸ਼ ਦੇ ਜਵਾਨਾਂ ‘ਤੇ ਮਾਣ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਫੌਜ ਦੇ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇਹ ਪਹਿਲਾ ਵੱਡਾ ਬਿਆਨ ਹੈ।

ਦੱਸ ਦਈਏ ਕਿ ਲਦਾਖ਼ ਦੀ ਗਲਵਾਨ ਘਾਟੀ ਵਿਚ ਬੀਤੀ ਰਾਤ ਚੀਨੀ ਫ਼ੌਜੀਆਂ ਨਾਲ ਹੋਈ 'ਹਿੰਸਕ ਝੜਪ' ਦੌਰਾਨ ਭਾਰਤੀ ਫ਼ੌਜ ਦੇ ਅਧਿਕਾਰੀ ਸਮੇਤ 20 ਫ਼ੌਜੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਝੜਪ ਵਿਚ ਚੀਨੀ ਫ਼ੌਜ ਦੇ 43 ਜਵਾਨ ਵੀ ਮਾਰੇ ਗਏ ਜਾਂ ਜ਼ਖ਼ਮੀ ਹੋਏ। ਚੀਨ ਦੀ ਸਰਹੱਦ 'ਤੇ ਲਗਭਗ 45 ਸਾਲਾਂ ਮਗਰੋਂ, ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਇਸ ਤਰ੍ਹਾਂ ਸ਼ਹਾਦਤ ਦੀ ਇਹ ਪਹਿਲੀ ਘਟਨਾ ਹੈ।

ਫ਼ੌਜ ਨੇ ਦਸਿਆ ਕਿ ਹਿੰਸਕ ਟਕਰਾਅ ਦੌਰਾਨ ਇਕ ਅਧਿਕਾਰੀ (ਕਰਨਲ) ਅਤੇ ਦੋ ਜਵਾਨ ਸ਼ਹੀਦ ਹੋਏ ਜਦਕਿ ਚੀਨ ਦਾ ਵੀ ਨੁਕਸਾਨ ਹੋਇਆ ਹੈ। ਫ਼ੌਜ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਵਿਚ ਤੁਲੁੰਗ ਲਾ ਵਿਚ ਹੋਏ ਸੰਘਰਸ਼ ਵਿਚ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਅਧਿਕਾਰੀਆਂ ਮੁਤਾਬਕ ਦੋਹਾਂ ਪਾਸੇ ਕੋਈ ਗੋਲੀਬਾਰੀ ਨਹੀਂ ਹੋਈ। ਫ਼ੌਜ ਦੇ ਬਿਆਨ ਮੁਤਾਬਕ ਗਲਵਾਨ ਘਾਟੀ ਵਿਚ ਤਣਾਅ ਘਟਾਉਣ ਦੀ ਕਵਾਇਦ ਦੌਰਾਨ ਸੋਮਵਾਰ ਰਾਤ ਹਿੰਸਕ ਟਕਰਾਅ ਹੋ ਗਿਆ ਜਿਸ ਦੌਰਾਨ ਭਾਰਤੀ ਫ਼ੌਜ ਦਾ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ।' ਦਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਸ਼ਹੀਦ ਹੋਇਆ ਅਧਿਕਾਰੀ ਗਲਵਾਨ ਵਿਚ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਸਾਰੇ ਤਿੰਨੇ ਚੀਨ ਦੁਆਰਾ ਕੀਤੇ ਗਏ ਪਥਰਾਅ ਵਿਚ ਜ਼ਖ਼ਮੀ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।