ਚੀਨੀ ਫੌਜੀਆਂ ਨਾਲ ਝੜਪ ਵਿਚ ਮਾਨਸਾ ਦਾ ਜਵਾਨ ਗੁਰਤੇਜ ਸਿੰਘ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਭਾਰਤ-ਚੀਨ ਦੇ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਜਵਾਨ ਗੁਰਤੇਜ ਸਿੰਘ ਵੀ ਸ਼ਹੀਦ ਹੋ ਗਏ।

Gurtej Singh

ਮਾਨਸਾ: ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਪੈਦਾ ਹੋਏ ਤਣਾਅ ਦੇ ਚਲਦਿਆਂ ਬੀਤੇ ਦਿਨ ਭਾਰਤ-ਚੀਨ ਦੇ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਜਵਾਨ ਗੁਰਤੇਜ ਸਿੰਘ ਵੀ ਸ਼ਹੀਦ ਹੋ ਗਏ। ਇਸ ਖ਼ਬਰ ਨਾਲ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਹੈ।

ਸ਼ਹੀਦ ਗੁਰਤੇਜ ਸਿੰਘ ਮਾਨਸਾ ਦੇ ਪਿੰਡ ਵੀਰੇਵਾਲਾ ਡੋਕਰਾ ਦੇ ਰਹਿਣ ਵਾਲੇ ਸੀ। ਗੁਰਤੇਜ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਵਿਚ ਸੋਗ ਦਾ ਮਾਹੌਲ ਹੈ। 23 ਸਾਲਾ ਗੁਰਤੇਜ ਸਿੰਘ ਦੇ ਪਰਿਵਾਰ ਵਿਚ ਮਾਤਾ-ਪਿਤਾ ਅਤੇ ਤਿੰਨ ਭਰਾ ਹਨ। ਉਹ ਅਪਣੇ ਪਰਿਵਾਰ ਵਿਚ ਸਭ ਤੋਂ ਛੋਟੇ ਸਨ।

ਤਿੰਨ ਦਿਨ ਪਹਿਲਾਂ ਹੀ ਉਹਨਾਂ ਦੇ ਭਰਾ ਦਾ ਵਿਆਹ ਹੋਇਆ ਸੀ। ਸਰਹੱਦ ‘ਤੇ ਤਣਾਅ ਹੋਣ ਕਾਰਨ ਉਹ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ।   
ਦੱਸ ਦਈਏ ਕਿ ਲਦਾਖ਼ ਦੀ ਗਲਵਾਨ ਘਾਟੀ ਵਿਚ ਬੀਤੀ ਰਾਤ ਚੀਨੀ ਫ਼ੌਜੀਆਂ ਨਾਲ ਹੋਈ 'ਹਿੰਸਕ ਝੜਪ' ਦੌਰਾਨ ਭਾਰਤੀ ਫ਼ੌਜ ਦੇ ਅਧਿਕਾਰੀ ਸਮੇਤ 20 ਫ਼ੌਜੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਝੜਪ ਵਿਚ ਚੀਨੀ ਫ਼ੌਜ ਦੇ 43 ਜਵਾਨ ਵੀ ਮਾਰੇ ਗਏ ਜਾਂ ਜ਼ਖ਼ਮੀ ਹੋਏ।

ਚੀਨ ਦੀ ਸਰਹੱਦ 'ਤੇ ਲਗਭਗ 45 ਸਾਲਾਂ ਮਗਰੋਂ, ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਇਸ ਤਰ੍ਹਾਂ ਸ਼ਹਾਦਤ ਦੀ ਇਹ ਪਹਿਲੀ ਘਟਨਾ ਹੈ। ਫ਼ੌਜ ਨੇ ਦਸਿਆ ਕਿ ਹਿੰਸਕ ਟਕਰਾਅ ਦੌਰਾਨ ਇਕ ਅਧਿਕਾਰੀ (ਕਰਨਲ) ਅਤੇ ਦੋ ਜਵਾਨ ਸ਼ਹੀਦ ਹੋਏ ਜਦਕਿ ਚੀਨ ਦਾ ਵੀ ਨੁਕਸਾਨ ਹੋਇਆ ਹੈ। ਫ਼ੌਜ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਵਿਚ ਤੁਲੁੰਗ ਲਾ ਵਿਚ ਹੋਏ ਸੰਘਰਸ਼ ਵਿਚ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਅਧਿਕਾਰੀਆਂ ਮੁਤਾਬਕ ਦੋਹਾਂ ਪਾਸੇ ਕੋਈ ਗੋਲੀਬਾਰੀ ਨਹੀਂ ਹੋਈ। ਫ਼ੌਜ ਦੇ ਬਿਆਨ ਮੁਤਾਬਕ ਗਲਵਾਨ ਘਾਟੀ ਵਿਚ ਤਣਾਅ ਘਟਾਉਣ ਦੀ ਕਵਾਇਦ ਦੌਰਾਨ ਸੋਮਵਾਰ ਰਾਤ ਹਿੰਸਕ ਟਕਰਾਅ ਹੋ ਗਿਆ ਜਿਸ ਦੌਰਾਨ ਭਾਰਤੀ ਫ਼ੌਜ ਦਾ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ।' ਦਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਸ਼ਹੀਦ ਹੋਇਆ ਅਧਿਕਾਰੀ ਗਲਵਾਨ ਵਿਚ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਸਾਰੇ ਤਿੰਨੇ ਚੀਨ ਦੁਆਰਾ ਕੀਤੇ ਗਏ ਪਥਰਾਅ ਵਿਚ ਜ਼ਖ਼ਮੀ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।