ਅਗਨੀਪਥ ਸਕੀਮ ’ਤੇ ਰਾਕੇਸ਼ ਟਿਕੈਤ ਦਾ ਟਵੀਟ, “ਨਾ ਪਹਿਲਾਂ ਕਿਸਾਨ ਝੁਕਿਆ ਸੀ, ਨਾ ਹੁਣ ਨੌਜਵਾਨ ਝੁਕੇਗਾ”
ਟਿਕੈਤ ਨੇ ਲਿਖਿਆ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨਾਲ 4 ਸਾਲ ਬਾਅਦ ਸਰਕਾਰੀ ਬੇਰੁਜ਼ਗਾਰ ਅਗਨੀਵੀਰਾਂ ਦੀ ਫੌਜ ਤਿਆਰ ਹੋਵੇਗੀ।
ਨਵੀਂ ਦਿੱਲੀ: ਫੌਜ 'ਚ ਭਰਤੀ ਲਈ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅਗਨੀਪਥ ਸਕੀਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਵਾਂਗ ਨੌਜਵਾਨ ਵੀ ਝੁਕਣ ਵਾਲੇ ਨਹੀਂ ਹਨ।
Rakesh Tikait
ਰਾਕੇਸ਼ ਟਿਕੈਤ ਨੇ ਟਵੀਟ ਕਰਦਿਆਂ ਕਿਹਾ, “ਪਹਿਲਾਂ ਮੋਦੀ ਜੀ ਨੇ ਕਿਸਾਨਾਂ (ਖੇਤੀਬਾੜੀ) ਨੂੰ ਠੇਕੇ 'ਤੇ ਲਿਆਉਣ ਦੀ ਅਸਫਲ ਕੋਸ਼ਿਸ਼ ਕੀਤੀ, ਹੁਣ ਉਹ ਦੇਸ਼ ਦੇ ਨੌਜਵਾਨਾਂ (ਅਗਨੀਵੀਰਾਂ) ਨੂੰ ਠੇਕੇ 'ਤੇ ਲਿਆਉਣ ਜਾ ਰਹੇ ਹਨ। ਨਾ ਪਹਿਲਾਂ ਕਿਸਾਨ ਝੁਕੇ, ਨਾ ਹੁਣ ਨੌਜਵਾਨ ਝੁਕੇਗਾ”। ਇਸ ਦੇ ਨਾਲ ਹੀ ਟਿਕੈਤ ਨੇ ਲਿਖਿਆ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨਾਲ 4 ਸਾਲ ਬਾਅਦ ਸਰਕਾਰੀ ਬੇਰੁਜ਼ਗਾਰ ਅਗਨੀਵੀਰਾਂ ਦੀ ਫੌਜ ਤਿਆਰ ਹੋਵੇਗੀ। ਜੋ ਸਮਾਜ ਅਤੇ ਦੇਸ਼ ਲਈ ਚੰਗਾ ਨਹੀਂ ਹੈ।
Tweet
ਇਕ ਹੋਰ ਟਵੀਟ 'ਚ ਉਹਨਾਂ ਕਿਹਾ, “ਸਰਕਾਰ ਦੀਆਂ ਗਲਤ ਨੀਤੀਆਂ ਦਾ ਨੁਕਸਾਨ ਦੇਸ਼ ਦੇ ਕਿਸਾਨ ਨੇ ਭੁਗਤਿਆ ਹੈ ਅਤੇ ਅੱਜ ਦੇਸ਼ ਦੀ ਨੌਜਵਾਨੀ ਨੂੰ ਇਕ ਗਲਤ ਫੈਸਲੇ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੌਜ ਵਿਚ ਭਰਤੀ ਹੋਣ ਵਾਲੇ ਵੀ ਕਿਸਾਨਾਂ ਦੇ ਪੁੱਤਰ ਹਨ। ਅਸੀਂ ਦੇਸ਼ ਦੇ ਨੌਜਵਾਨਾਂ ਅਤੇ ਆਪਣੇ ਬੱਚਿਆਂ ਲਈ ਆਖਰੀ ਸਾਹ ਤੱਕ ਲੜਾਂਗੇ।''