' ਤੇਰਾ ਨਗਰ ਕੀਰਤਨ'(ਜਲੂਸ) 'ਮੇਰਾ ਨਗਰ ਕੀਰਤਨ' ਲੜਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇ ਸਰਨਾ ਕੋਲ ਭਾਰਤ ਤੇ ਪਾਕਿ ਸਰਕਾਰ ਦੀ ਪ੍ਰਵਾਨਗੀ ਹੀ ਨਹੀਂ, ਫਿਰ ਨਨਕਾਣਾ ਸਾਹਿਬ ਨਗਰ ਕੀਰਤਨ ਤਿਵੇਂ ਲਿਜਾਣਗੇ? ਦਿੱਲੀ ਕਮੇਟੀ ਦਾ ਸਵਾਲ

Nagar Kirtan

ਨਵੀਂ ਦਿੱਲੀ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੇ ਅੱਜ ਦੋਸ਼ ਲਾਇਆ ਹੈ ਕਿ  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਕੋਲ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਸਜਾਏ ਜਾਣ ਲਈ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਹੀ ਨਹੀਂ ਹੈ,

ਪਰ ਜੋ ਨਗਰ ਕੀਰਤਨ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਤਖ਼ਤ ਪਟਨਾ ਸਾਹਿਬ ਤੇ ਤਖ਼ਤ ਹਜ਼ੂਰ ਸਾਹਿਬ ਵਲੋਂ ਸਾਂਝੇ ਤੌਰ 'ਤੇ ਸਜਾਇਆ ਜਾਣਾ ਹੈ, ਉਸ ਵਿਚ ਉਹ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ, ਫਿਰ ਸਿੱਖ ਸੰਗਤ ਨੂੰ ਕਿਉਂ ਭੰਬਲਭੂਸੇ ਵਿਚ ਪਾ ਕੇ, ਸ਼ਤਾਬਦੀ ਸਮਾਗਮਾਂ ਨੂੰ ਤਾਰਪੀਡੋ ਕਰਨ ਦੀ ਖੇਡ ਖੇਡ ਰਹੇ ਹਨ? ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਕਾਲਕਾ ਨੇ ਕਿਹਾ ਜਦੋਂ ਸ.ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ 2005 ਵਿਚ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਲੈ ਕੇ ਗਏ ਸਨ।

ਉਦੋਂ ਉਨ੍ਹਾਂ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਸਣੇ ਹੋਰਨਾਂ ਅਹਿਮ ਸਰਕਾਰਾਂ ਤੋਂ ਪ੍ਰਵਾਨਗੀ ਲਈ ਸੀ ਪਰ ਹੁਣ ਉਨ੍ਹਾਂ ਕੋਲ ਲੋੜੀਂਦੀ ਪ੍ਰਵਾਨਗੀ ਹੀ ਨਹੀਂ, ਜਿਸ ਕਰ ਕੇ, ਜੇ ਵਾਹਗਾ ਬਾਰਡਰ 'ਤੇ ਨਗਰ ਕੀਰਤਨ ਨੂੰ ਅੱਗੇ ਨਾ ਜਾਣ ਦਿਤਾ ਗਿਆ ਤਾਂ ਉਹ ਇਸ ਲਈ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਆਦਿ ਨੂੰ ਦੋਸ਼ੀ ਠਹਿਰਾ ਕੇ, ਸੰਗਤ ਦੀ ਸ਼ਰਧਾ 'ਤੇ ਸੱਟ ਮਾਰਨ ਦਾ ਕਾਰਨ ਬਣਨਗੇ।

ਇਸ ਲਈ ਵੇਲਾ ਰਹਿੰਦੇ ਹੋਏ ਸ.ਸਰਨਾ ਨੂੰ ਸਾਡੇ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ, ਚਲਣਾ ਚਾਹੀਦਾ ਹੈ ਤੇ ਉਸਾਰੂ ਸੁਨੇਹਾ ਦੇਣਾ ਚਾਹੀਦਾ ਹੈ।ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੀਰਤਨ ਲਈ ਲੋੜੀਂਦੀ ਪ੍ਰਵਾਨਗੀਆਂ ਲਈ ਉਨ੍ਹਾਂ ਵਲੋਂ 15 ਮਾਰਚ ਨੂੰ ਕਮੇਟੀ ਕਾਇਮ ਕਰ ਦਿਤੀ ਗਈ ਸੀ ਤੇ 30 ਮਾਰਚ ਤੋਂ ਪ੍ਰਵਾਨਗੀ ਲੈਣ ਦਾ ਅਮਲ ਸ਼ੁਰੂ ਹੋ ਗਿਆ ਸੀ,

ਪਰ ਸ.ਸਰਨਾ ਸਿਰਫ਼ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਿਵਾਏ ਭਾਰਤ ਤੇ ਪਾਕਿਸਤਾਨ ਸਰਕਾਰ ਦੀ ਪ੍ਰਵਾਨਗੀ ਵਿਖਾ ਹੀ ਨਹੀਂ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਸ.ਪਰਮਜੀਤ ਸਿੰਘ ਚੰਡੋਕ, ਸ.ਉਂਕਾਰ ਸਿੰਘ ਰਾਜਾ, ਸ.ਜਸਪ੍ਰੀਤ ਸਿੰਘ ਵਿੱਕੀ ਮਾਨ ਤੇ ਹੋਰ ਸ਼ਾਮਲ ਸਨ