ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ
ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖਾਲਸੇ ਦੇ 320ਵੇਂ ਸਾਜਨਾ ਦਿਵਸ...
ਟੋਰਾਂਟੋ : ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖਾਲਸੇ ਦੇ 320ਵੇਂ ਸਾਜਨਾ ਦਿਵਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦਾ ਆਰੰਭ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਆਰੰਭ ਹੋਇਆ।
ਨਗਰ ਕੀਰਤਨ ਵਿਚ ਵੱਖ-ਵੱਖ ਜੱਥੇ ਗੱਤਕਾਂ ਦੇ ਜੌਹਰ ਦਿਖਾ ਰਹੇ ਸਨ। ਏਅਰਪੋਰਟ ਰੋਡ ਅਤੇ ਮਾਰਨਿੰਗ ਸਟਾਰ ਸਟਰੀਟ ਤੋਂ 12.30 ਵਜੇ ਸ਼ੁਰੂ ਹੋਇਆ ਇਹ ਨਗਰ ਕੀਰਤਨ ਹੰਬਰ ਵੁੱਡ ਡਰਾਈਵ ਅਤੇ ਪਿੰਚ ਰੋਡ ਤੋਂ ਹੁੰਦਾ ਹੋਇਆ 7 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ ਸ਼ਾਮ 6 ਵਜੇ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਪੁੱਜਿਆ, ਜਿੱਥੇ ਸੰਗਤਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਪ੍ਰਬੰਧਕ ਅਨੁਸਾਰ ਇਸ ਨਗਰ ਕੀਰਤਨ ਵਿਚ ਡੇਢ ਲੱਖ ਤੋਂ ਜ਼ਿਆਦਾ ਸੰਗਤਾਂ ਨੇ ਹਾਜ਼ਰੀ ਭਰੀ।
ਨਗਰ ਕੀਰਤਨ ਦੇ ਰਸਤੇ ‘ਤੇ 500 ਤੋਂ ਵੱਧ ਲੰਗਰਾਂ ਅਤੇ ਜਾਣਕਾਰੀ ਦੇ ਸਟਾਲ ਸੰਗਤਾਂ ਵੱਲੋਂ ਲਾਏ ਗਏ। ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ ਪੰਡਾਲ ਵਿਚ ਜਿੱਥੇ ਸੰਗਤਾਂ ਨੇ ਰਾਗੀ ਢਾਡੀ ਜਥਿਆਂ ਕੋਲੋਂ ਗੁਰਬਾਣੀ ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ, ਉੱਥੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸੰਗਤਾਂ ਨੂੰ ਖਾਲਸੇ ਦੀ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪੰਜਾਬੀ ਭਾਈਚਾਰੇ ਦੇ ਬਹੁਤੇ ਰਾਜਨੀਤਕਾਂ ਦੇ ਨਗਰ ਕੀਰਤਨ ਤੋਂ ਦੂਰੀ ਬਣਾਈ ਰੱਖੀ। ਕੈਨੇਡਾ ਦੀ ਫੇਡਰਲ ਸਾਇੰਸ ਮੰਤਰੀ ਡਾ. ਕਰਿਟੀ ਡੰਕਨ ਪੰਜਾਬੀ ਦੀਪਲ ਆਨੰਦ, ਪ੍ਰਭਮੀਤ ਸਰਕਾਰੀਆ ਅਤੇ ਅਮਰਜੋਤ ਸੰਧੂ ਆਦਿ ਨੇ ਹਾਜ਼ਰੀ ਭਰੀ।