ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਹੱਥੋਪਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਭਾਜਪਾ ਦੇ ਮੁੱਖ ਦਫ਼ਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼.............

Swami Agnivesh

ਨਵੀਂ ਦਿੱਲੀ : ਦਿੱਲੀ ਵਿਚ ਭਾਜਪਾ ਦੇ ਮੁੱਖ ਦਫ਼ਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਦੇ ਨਾਲ ਹੱਥੋਪਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਮੇਰੇ ਨਾਲ ਹੱਥੋਪਾਈ ਕੀਤੀ ਗਈ ਹੈ ਅਤੇ ਮੈਨੂੰ ਅਪਮਾਨਿਤ ਕੀਤਾ ਗਿਆ। ਅਗਨੀਵੇਸ਼ ਨੇ ਕਿਹਾ ਕਿ ਮੈਨੂੰ ਭਾਜਪਾ ਮੁੱਖ ਦਫ਼ਤਰ ਦੇ ਬਾਹਰ ਉਸ ਸਮੇਂ ਗੱਦਾਰ ਕਹਿਣਾ ਸ਼ੁਰੂ ਕੀਤਾ ਜਦੋਂ ਮੈਂ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਸੀ।

ਉਨ੍ਹਾਂ ਕਿਹਾ ਕਿ ਅਸੀਂ ਪੈਦਲ ਹੀ ਜਾ ਰਹੇ ਸੀ ਅਤੇ ਅਸੀਂ ਭਾਜਪਾ ਮੁੱਖ ਦਫ਼ਤਰ ਕੋਲ ਪਹੁੰਚ ਗਏ ਸੀ। ਉਥੇ ਪਹੁੰਚਣ ਤੋਂ ਬਾਅਦ ਮੈਂ ਹਰਸ਼ਵਰਧਨ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਰਾਮ ਨਾਲ ਅੰਦਰ ਆ ਜਾਓ। ਇਸ ਤੋਂ ਪਹਿਲਾਂ ਵੀ ਮੇਰੀ ਉਨ੍ਹਾਂ ਨਾਲ ਗੱਲ ਹੋ ਚੁੱਕੀ ਸੀ। ਇਸੇ ਦੌਰਾਨ ਅਚਾਨਕ ਮੇਰੇ ਵਿਰੁਧ ਨਾਅਰੇਬਾਜ਼ੀ ਹੋਈ ਅਤੇ ਲੋਕ ਗੱਦਾਰ ਕਹਿਣ ਲੱਗੇ। ਮੈਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਲੋਕਾਂ ਨੇ ਫਿਰ ਮੇਰੀ ਪੱਗ ਉਤਾਰ ਦਿਤੀ। ਅਸੀਂ ਕੁੱਝ ਨਹੀਂ ਕਰ ਸਕਦੇ ਸੀ ਕਿਉਂਕਿ ਅਸੀਂ ਸਿਰਫ਼ ਦੋ ਤਿੰਨ ਲੋਕ ਹੀ ਸੀ।

ਅਸੀਂ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅੱਜ ਦੇ ਦਿਨ ਕ੍ਰਿਪਾ ਕਰਕੇ ਅਜਿਹਾ ਨਾ ਕਰੋ ਕਿਉਂਕਿ ਅੱਜ ਗ਼ਲਤ ਸੰਦੇਸ਼ ਜਾਵੇਗਾ ਪਰ ਇਹ ਲੋਕ ਨਹੀਂ ਮੰਨੇ। ਉਸ ਤੋਂ ਬਾਅਦ ਫਿਰ ਮੈਂ ਉਥੋਂ ਬਚ ਕੇ ਅੱਗੇ ਵਧਣਾ ਚਾਹਿਆ ਪਰ ਮੈਨੂੰ ਲੋਕਾਂ ਨੇ ਬੁਰੀ ਤਰ੍ਹਾਂ ਅਪਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਦਾ ਗੇਟ ਪਾਰ ਕਰ ਕੇ ਦੂਜੇ ਪਾਸੇ ਗਏ। ਉਥੇ ਵੀ ਇਹ ਲੋਕ ਆ ਗਏ ਅਤੇ ਫਿਰ ਹਮਲਾ ਕਰ ਦਿਤਾ। ਮੈਂ ਹੱਥ ਜੋੜ ਕੇ ਕਹਿਣ ਲੱਗਿਆ ਕਿ ਭਾਈ ਸਾਬ੍ਹ ਅਜਿਹਾ ਨਾ ਕਰੋ। ਮੇਰੇ ਤੋਂ ਕੀ ਪਰੇਸ਼ਾਨੀ ਹੈ। ਫਿਰ ਸਾਨੂੰ ਪੁਲਿਸ ਦੀ ਗੱਡੀ ਮਿਲੀ, ਜਿਸ ਵਿਚ ਬੈਠ ਕੇ ਮੈਂ ਜੰਤਰ ਮੰਤਰ ਆਇਆ।

ਉਨ੍ਹਾਂ ਲੋਕਾਂ ਨੇ ਪੁਲਿਸ ਦੀ ਗੱਡੀ 'ਤੇ ਵੀ ਹਮਲਾ ਕਰ ਦਿਤਾ। ਇਸ ਦੌਰਾਨ ਇਹ ਸਾਰੀ ਘਟਨਾ ਇਕ ਵੀਡੀਓ ਵਿਚ ਰਿਕਾਰਡ ਹੋ ਗਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਵੱਡੀ ਭੀੜ ਨੇ ਸਵਾਮੀ ਅਗਨੀਵੇਸ਼ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਦੌਰਾਨ ਉਨ੍ਹਾਂ ਦੇ ਕਪੜੇ ਫਟ ਗਏ। ਇਸ ਦੌਰਾਨ ਕੁੱਝ ਔਰਤਾਂ ਵੀ ਉਨ੍ਹਾਂ ਦੀ ਕੁੱਟਮਾਰ ਕਰਨ ਵਿਚ ਸ਼ਾਮਲ ਦਿਖਾਈ ਦੇ ਰਹੀਆਂ ਹਨ। 

ਜ਼ਿਕਰਯੋਗ ਹੈ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੰਤਮ ਸਸਕਾਰ ਹੋਣਾ ਹੈ। ਉਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਵਿਚ ਦਰਸ਼ਨਾਂ ਲਈ ਰਖਿਆ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿਚ ਭਾਜਪਾ ਨੇਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜ ਰਹੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਲ ਕੇ ਅਡਵਾਨੀ ਸਮੇਤ ਕਈ ਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿਤੀ। 

ਦਸ ਦਈਏ ਕਿ ਝਾਰਖੰਡ ਦੇ ਪਾਕੁੜ ਵਿਚ ਕੁੱਝ ਸਮਾਂ ਪਹਿਲਾਂ ਸਵਾਮੀ ਅਗਨੀਵੇਸ਼ ਦੇ ਨਾਲ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਮਾਰਕੁੱਟ ਕੀਤੀ ਸੀ। ਸਵਾਮੀ ਅਗਨੀਵੇਸ਼ 'ਤੇ ਆਦਿਵਾਸੀਆਂ ਨੂੰ ਭੜਕਾਉਣ ਦਾ ਦੋਸ਼ ਲਗਦਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਕਸਲੀਆਂ ਦੇ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ। ਦਸ ਦਈਏ ਕਿ ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਸਵਾਮੀ ਅਗਨੀਵੇਸ਼ ਨਾਲ ਮਾਰਕੁੱਟ ਮਾਮਲੇ ਵਿਚ ਗ੍ਰਹਿ ਸਕੱਤਰ ਨੂੰ ਜਾਂਚ ਦੇ ਆਦੇਸ਼ ਦਿਤੇ ਹਨ। ਸੰਥਾਲਪਰਗਨਾ ਦੇ ਕਮਿਸ਼ਨਰ ਅਤੇ ਡੀਆਈਜੀ ਮਾਮਲੇ ਦੀ ਜਾਂਚ ਕਰਨਗੇ।