IMA ਨੇ ਪ੍ਰਧਾਨ ਮੰਤਰੀ ਨੂੰ ਡਾਕਟਰਾਂ ਵਿਰੁਧ ਹਿੰਸਾ ਰੋਕਣ ਲਈ ਦਖਲ ਦੇਣ ਦੀ ਅਪੀਲ ਕੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹਸਪਤਾਲਾਂ ’ਚ ਸੁਰੱਖਿਆ ਪ੍ਰੋਟੋਕੋਲ ਹਵਾਈ ਅੱਡਿਆਂ ਨਾਲੋਂ ਘੱਟ ਨਹੀਂ ਹੋਣੇ ਚਾਹੀਦੇ, ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਵੀ ਮੰਗ ਕੀਤੀ 

PM Modi

ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਸਿਹਤ ਸੰਭਾਲ ਪੇਸ਼ੇਵਰਾਂ ਵਿਰੁਧ ਹਿੰਸਾ ਨੂੰ ਰੋਕਣ ਲਈ ਇਕ ਕੇਂਦਰੀ ਕਾਨੂੰਨ ਲਿਆਉਣ ਅਤੇ ਹਸਪਤਾਲਾਂ ਨੂੰ ਲਾਜ਼ਮੀ ਸੁਰੱਖਿਆ ਅਧਿਕਾਰਾਂ ਨਾਲ ਸੁਰੱਖਿਅਤ ਜ਼ੋਨ ਐਲਾਨਣ ਲਈ ਦਖਲ ਦੇਣ। 

ਡਾਕਟਰਾਂ ਦੀ ਸੰਸਥਾ ਨੇ ਇਹ ਬੇਨਤੀ ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਅਤੇ ਉਸ ਤੋਂ ਬਾਅਦ ਉੱਥੇ ਹੋਈ ਭੰਨਤੋੜ ਦੇ ਪਿਛੋਕੜ ’ਚ ਕੀਤੀ ਹੈ। IMA ਨੇ ਸਨਿਚਰਵਾਰ ਸਵੇਰੇ 6 ਵਜੇ ਤੋਂ ਦੇਸ਼ ਭਰ ’ਚ ਗੈਰ-ਐਮਰਜੈਂਸੀ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕਰਨ ਦਾ ਸੱਦਾ ਦਿਤਾ ਹੈ। 

IMA ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਅਪਣੀਆਂ ਪੰਜ ਮੰਗਾਂ ਰੱਖੀਆਂ ਹਨ। IMA ਨੇ ਇਕ ਬਿਆਨ ਵਿਚ ਕਿਹਾ ਕਿ ਸਾਰੀਆਂ ਜ਼ਰੂਰੀ ਸੇਵਾਵਾਂ ਜਾਰੀ ਰੱਖੀਆਂ ਜਾ ਰਹੀਆਂ ਹਨ ਅਤੇ ਐਮਰਜੈਂਸੀ ਵਾਰਡਾਂ ਵਿਚ ਕਰਮਚਾਰੀ ਤਾਇਨਾਤ ਕੀਤੇ ਗਏ ਹਨ। IMA ਨੇ ਕਿਹਾ, ‘‘ਪੀੜਤਾ 36 ਘੰਟੇ ਦੀ ਸ਼ਿਫਟ ’ਚ ਕੰਮ ਕਰਦੀ ਸੀ। ਸੁਰੱਖਿਅਤ ਆਰਾਮ ਕਰਨ ਦੀ ਜਗ੍ਹਾ ਅਤੇ ਢੁਕਵੇਂ ਪਖਾਨੇ ਦੀ ਘਾਟ ਕਾਰਨ ਰੈਜ਼ੀਡੈਂਟ ਡਾਕਟਰਾਂ ਦੇ ਕੰਮ ਕਰਨ ਅਤੇ ਰਹਿਣ ਦੀਆਂ ਸਥਿਤੀਆਂ ’ਚ ਭਾਰੀ ਤਬਦੀਲੀ ਦੀ ਲੋੜ ਹੈ।’’

IMA ਨੇ ਇਹ ਵੀ ਮੰਗ ਕੀਤੀ ਹੈ ਕਿ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਐਲਾਨਿਆ ਜਾਵੇ ਜਿਸ ’ਚ ਪਹਿਲਾ ਕਦਮ ਲਾਜ਼ਮੀ ਸੁਰੱਖਿਆ ਅਧਿਕਾਰ ਹੋਣਾ ਚਾਹੀਦਾ ਹੈ। 

ਡਾਕਟਰਾਂ ਦੇ ਸਿਖਰਲੇ ਸੰਗਠਨ ਨੇ ਕਿਹਾ, ‘‘ਹਸਪਤਾਲਾਂ ’ਚ ਸੁਰੱਖਿਆ ਪ੍ਰੋਟੋਕੋਲ ਹਵਾਈ ਅੱਡਿਆਂ ਨਾਲੋਂ ਘੱਟ ਨਹੀਂ ਹੋਣੇ ਚਾਹੀਦੇ। ਲਾਜ਼ਮੀ ਸੁਰੱਖਿਆ ਅਧਿਕਾਰਾਂ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਐਲਾਨ ਕਰਨਾ ਪਹਿਲਾ ਕਦਮ ਹੈ। ਸੀ.ਸੀ.ਟੀ.ਵੀ. ਕੈਮਰੇ, ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਅਤੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਸਕਦੀ ਹੈ।’’

IMA ਨੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਵੀ ਮੰਗ ਕੀਤੀ ਹੈ। IMA ਨੇ ਅਪਰਾਧ ਦੀ ਸਾਵਧਾਨੀ ਅਤੇ ਪੇਸ਼ੇਵਰ ਤਰੀਕੇ ਨਾਲ ਸਮਾਂਬੱਧ ਜਾਂਚ ਅਤੇ ਨਿਆਂ ਪ੍ਰਦਾਨ ਕਰਨ, ਭੰਨਤੋੜ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਇਸ ’ਚ ਸ਼ਾਮਲ ਲੋਕਾਂ ਲਈ ਮਿਸਾਲੀ ਸਜ਼ਾ ਦੀ ਮੰਗ ਕੀਤੀ। 

IMA ਨੇ ਕਿਹਾ, ‘‘ਆਰ.ਜੀ. ਕਰ ਦੀ ਘਟਨਾ ਨੇ ਹਸਪਤਾਲ ’ਚ ਹਿੰਸਾ ਦੇ ਦੋ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਹੈ: ਔਰਤਾਂ ਲਈ ਸੁਰੱਖਿਅਤ ਥਾਵਾਂ ਦੀ ਘਾਟ ਕਾਰਨ ਵਹਿਸ਼ੀ ਪੱਧਰ ਦਾ ਅਪਰਾਧ ਅਤੇ ਸੰਗਠਤ ਸੁਰੱਖਿਆ ਪ੍ਰੋਟੋਕੋਲ ਦੀ ਘਾਟ ਕਾਰਨ ਗੁੰਡਾਗਰਦੀ। ਅਪਰਾਧ ਅਤੇ ਬਰਬਰਤਾ ਨੇ ਦੇਸ਼ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿਤਾ ਹੈ।’’

IMA ਨੇ ਸੁਤੰਤਰਤਾ ਦਿਵਸ ਦੇ ਅਪਣੇ ਸੰਬੋਧਨ ’ਚ ਔਰਤਾਂ ਦੀ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਦੀ ਟਿਪਣੀ ਦੀ ਵੀ ਸ਼ਲਾਘਾ ਕੀਤੀ। IMA ਨੇ ਕਿਹਾ, ‘‘ਅਸੀਂ ਤੁਹਾਨੂੰ ਇਸ ਸਮੇਂ ਦਖਲ ਦੇਣ ਦੀ ਅਪੀਲ ਕਰਦੇ ਹਾਂ। ਇਸ ਨਾਲ ਨਾ ਸਿਰਫ ਮਹਿਲਾ ਡਾਕਟਰਾਂ ਨੂੰ ਬਲਕਿ ਕੰਮ ਵਾਲੀ ਥਾਂ ’ਤੇ ਕੰਮ ਕਰਨ ਵਾਲੀ ਹਰ ਔਰਤ ਨੂੰ ਵੀ ਭਰੋਸਾ ਮਿਲੇਗਾ।’’

IMA ਨੇ ਕਿਹਾ ਕਿ 60 ਫ਼ੀ ਸਦੀ ਭਾਰਤੀ ਡਾਕਟਰ ਔਰਤਾਂ ਹਨ। IMA ਨੇ ਕਿਹਾ ਕਿ ਦੰਦਾਂ ਦੇ ਪੇਸ਼ੇ ’ਚ ਔਰਤਾਂ ਦੀ ਹਿੱਸੇਦਾਰੀ 68 ਫ਼ੀ ਸਦੀ, ਫਿਜ਼ੀਓਥੈਰੇਪੀ ’ਚ 75 ਫ਼ੀ ਸਦੀ ਅਤੇ ਨਰਸਿੰਗ ’ਚ 85 ਫ਼ੀ ਸਦੀ ਹੈ। ਡਾਕਟਰਾਂ ਦੀ ਸੰਸਥਾ ਨੇ ਕਿਹਾ ਕਿ ਸਾਰੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਕੰਮ ਵਾਲੀ ਥਾਂ ’ਤੇ ਸ਼ਾਂਤੀਪੂਰਨ ਵਾਤਾਵਰਣ, ਸੁਰੱਖਿਆ ਅਤੇ ਸੁਰੱਖਿਆ ਮਿਲਣੀ ਚਾਹੀਦੀ ਹੈ। ਅਸੀਂ ਅਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਚਿਤ ਉਪਾਅ ਯਕੀਨੀ ਬਣਾਉਣ ਲਈ ਤੁਹਾਡੇ ਦਖਲ ਦੀ ਮੰਗ ਕਰ ਰਹੇ ਹਾਂ।