ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਘੰਟਿਆਂ ਤਕ ਚੱਲੀ ਬੈਠਕ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਮੰਤਰੀ ਮੰਡਲ ਸਕੱਤਰ ਰਾਜੀਵ ਗੌਬਾ ਤੇ ਹੋਰ ਅਧਿਕਾਰੀ ਮੌਜੂਦ ਸਨ

Amit Shah reviewed the situation in Jammu and Kashmir

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਲਗਭਗ 230 ਅਤਿਵਾਦੀਆਂ ਦੇ ਭਾਰਤ ਵਿਚ ਘੁਸਪੈਠ ਕਰਨ ਦੇ ਯਤਨਾਂ ਸਬੰਧੀ ਖ਼ਬਰਾਂ ਆਉਣ ਮਗਰੋਂ ਜੰਮੂ ਕਸ਼ਮੀਰ ਵਿਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਦੋ ਘੰਟਿਆਂ ਤਕ ਚੱਲੀ ਬੈਠਕ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਮੰਤਰੀ ਮੰਡਲ ਸਕੱਤਰ ਰਾਜੀਵ ਗੌਬਾ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਖ਼ਾਸਕਰ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਵਿਸਤ੍ਰਿਤ ਜਾਣਕਾਰੀ ਦਿਤੀ ਗਈ।

ਸੁਰੱਖਿਆ ਮਾਮਲਿਆਂ ਨਾਲ ਜੁੜੇ ਅਧਿਕਾਰੀ ਨੇ ਦਸਿਆ ਕਿ ਗ੍ਰਹਿ ਮੰਤਰੀ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਸਰਹੱਦੀ ਖੇਤਰਾਂ ਤੇ ਕਸ਼ਮੀਰ ਘਾਟੀ ਵਿਚ ਸ਼ਾਂਤੀ ਯਕੀਨੀ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿਤੀ ਗਈ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦ ਖ਼ਬਰਾਂ ਹਨ ਕਿ ਭਾਰਤ ਵਿਚ ਘੁਸਪੈਠ ਕਰਾਉਣ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਲਗਭਗ 230 ਅਤਿਵਾਦੀਆਂ ਨੂੰ ਲਾਂਚ ਪੈਡ 'ਤੇ ਲਿਆਂਦਾ ਗਿਆ ਹੈ।

ਕਸ਼ਮੀਰ ਘਾਟੀ ਦੀ ਸੁਰੱਖਿਆ ਸਥਿਤੀ ਵੇਖਣ ਵਾਲੀ 15ਵੀਂ ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਕੇ ਕੇ ਐਸ ਢਿੱਲੋਂ ਨੇ ਹਾਲ ਹੀ ਵਿਚ ਕਿਹਾ ਸੀ ਕਿ ਸਰਹੱਦ ਪਾਰ ਤੋਂ ਘੁਸਪੈਠ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸੀ, 'ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਲਾਂਚ ਪੈਡ ਅਤਿਵਾਦੀਆਂ ਨਾਲ ਭਰੇ ਹਨ, ਲਸ਼ਕਰ, ਜੈਸ਼, ਹਿਜ਼ਬੁਲ ਅਤੇ ਅਲ ਬਦਰ ਜਿਹੀਆਂ ਜਥੇਬੰਦੀਆਂ ਦੇ ਅਤਿਵਾਦੀ ਚੌਕੀਆਂ ਵਿਚ ਆਉਂਦੇ ਰਹਿੰਦੇ ਹਨ। ਹਰ ਰੋਜ਼ ਗੋਲੀਬਾਰੀ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।