ਲੋਕਾਂ ਨੇ ਕਾਲੇ ਮੁਰਗੇ ਲਹਿਰਾ ਕੇ ਕੀਤਾ ਮੁੱਖ ਮੰਤਰੀ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਫ਼ਲੇ ’ਤੇ ਆਂਡੇ ਮਾਰਨ ਦਾ ਵੀ ਕੀਤਾ ਯਤਨ

Devendra Fadnavis

ਮਹਾਰਾਸ਼ਟਰ: ਤੁਸੀਂ ਅਕਸਰ ਲੋਕਾਂ ਨੂੰ ਕਾਲੇ ਝੰਡਿਆਂ ਜਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਨੇਤਾਵਾਂ ਦਾ ਵਿਰੋਧ ਕਰਦੇ ਹੋਏ ਤਾਂ ਆਮ ਹੀ ਦੇਖਿਆ ਹੋਵੇਗਾ ਪਰ ਕੀ ਤੁਸੀਂ ਲੋਕਾਂ ਨੂੰ ਹੱਥਾਂ ਵਿਚ ਕਾਲੇ ਰੰਗ ਦੇ ਮੁਰਗ਼ੇ ਫੜ ਕੇ ਕਿਸੇ ਨੇਤਾ ਦਾ ਵਿਰੋਧ ਕਰਦੇ ਹੋਏ ਦੇਖਿਐ? ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੱਥੇ ਅਤੇ ਕਿਹੜੇ ਨੇਤਾ ਦਾ ਕਾਲੇ ਮੁਰਗ਼ੇ ਵਿਖਾ ਕੇ ਵਿਰੋਧ ਕੀਤਾ ਗਿਆ ਹੈ।

ਤਸਵੀਰਾਂ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਪੈਂਦੇ ਕੁੰਡਲ ਖੇਤਰ ਦੀਆਂ ਹਨ,  ਜਿੱਥੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਵਰਕਰਾ ਨੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੀ ‘ਮਹਾਜਨਾਦੇਸ਼ ਯਾਤਰਾ’ ਦੌਰਾਨ ਕੜਕਨਾਥ ਮੁਰਗ਼ਿਆਂ ਨੂੰ ਹੱਥਾਂ ਵਿਚ ਫੜ ਕੇ ਕਾਫ਼ਲੇ ਦਾ ਵਿਰੋਧ ਕੀਤਾ। ਇਸ ਦੌਰਾਨ ਕੁੱਝ ਵਰਕਰਾਂ ਵੱਲੋਂ ਕਾਫ਼ਲੇ ’ਤੇ ਆਂਡੇ ਮਾਰਨ ਦਾ ਯਤਨ ਵੀ ਕੀਤਾ ਗਿਆ, ਜਿਸ ਨੂੰ ਅਸਫ਼ਲ ਕਰ ਦਿੱਤਾ ਗਿਆ।

ਜਿਵੇਂ ਹੀ ਰਾਜੂ ਸ਼ੈਟੀ ਦੀ ਅਗਵਾਈ ਵਾਲੀ ਪਾਰਟੀ ਦੇ ਕੁੱਝ ਵਰਕਰਾਂ ਨੇ ਕੜਕਨਾਥ ਮੁਰਗ਼ੇ ਵਿਖਾ ਕੇ ਕਾਫ਼ਲੇ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ  ਤਾਂ  ਕਾਫ਼ਲੇ ਵਿਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧ ਕਰਨ ਵਾਲੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਮੁੱਖ ਮੰਤਰੀ ਦਾ ਕਾਫ਼ਲਾ ਉਥੋਂ ਬਿਨਾਂ ਕਿਸੇ ਰੁਕਾਵਟ ਲੰਘ ਗਿਆ।

ਦਰਅਸਲ ਇਸ ਵਿਰੋਧ ਕਾਰਨ ਇਹ ਹੈ ਕਿ ਸੰਗਠਨ ਵੱਲੋਂ ਇਕ ਕੁਕਕੁਟ ਫਰਮ ਦੇ ਵਿਰੁੱਧ ਈਡੀ ਪਾਸੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ’ਤੇ ਦੋਸ਼ ਹੈ ਕਿ ਉਸ ਨੇ ਕਿਸਾਨਾਂ ਨੂੰ ਕੜਕਨਾਥ ਮੁਰਗ਼ਿਆਂ ਦੇ ਪਾਲਣ ਵਿਚ ਮਦਦ ਦਾ ਵਾਅਦਾ ਕਰਕੇ 550 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਸੰਠਗਨ ਦੀ ਮੰਗ ਹੈ ਕਿ ਕੰਪਨੀ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਦੱਸ ਦਈਏ ਕਿ ਮਾਹਿਰਾਂ ਅਨੁਸਾਰ ਕੜਕਨਾਥ ਮੁਰਗੇ ਦੇ ਮਾਸ ਵਿਚ ਆਇਰਨ ਅਤੇ ਪੋ੍ਰਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦਕਿ ਕੋਲੈਸਟ੍ਰੋਲ ਦੀ ਮਾਤਰਾ ਹੋਰ ਪ੍ਰਜਾਤੀ ਦੇ ਮੁਰਗ਼ਿਆਂ ਤੋਂ ਕਾਫ਼ੀ ਘੱਟ ਪਾਈ ਜਾਂਦੀ ਹੈ। ਇਸ ਲਈ ਹੋਰ ਪ੍ਰਜਾਤੀਆਂ ਦੇ ਮੁਕਾਬਲੇ ਕੜਕਨਾਥ ਨੂੰ ਜ਼ਿਆਦਾ ਕੀਮਤ ’ਤੇ ਵੇਚਿਆ ਜਾਂਦਾ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਕੀਤੇ ਇਸ ਅਨੋਖੇ ਵਿਰੋਧ ਦਾ ਸਰਕਾਰ ’ਤੇ ਕੋਈ ਅਸਰ ਹੁੰਦਾ ਐ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।