ਮੋਦੀ ਨੇ ਜਨਮ ਦਿਨ 'ਤੇ ਉਡਾਈਆਂ ਤਿਤਲੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ ਨਾਲ ਵੀ ਕੀਤੀ ਮੁਲਾਕਾਤ, ਖਾਧਾ ਖਾਣਾ

PM Modi to meet mother, address Gujarat rally as wishes pour in for 69th birthday

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ 69ਵੇਂ ਜਨਮ ਦਿਨ 'ਤੇ ਗਾਂਧੀ ਨਗਰ ਵਿਚ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਦਾਰ ਸਰੋਵਰ ਬੰਨ੍ਹ 'ਚ ਪੂਰਾ ਪਾਣੀ ਭਰ ਜਾਣ ਮੌਕੇ ਆਯੋਜਿਤ 'ਨਮਾਮਿ ਦੇਵੀ ਨਰਮਦੇ' ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰੋਗਰਾਮ ਤੋਂ ਬਾਅਦ ਉਹ ਆਪਣੀ ਮਾਂ ਹੀਰਾਬੇਨ ਨੂੰ ਮਿਲਣ ਲਈ ਘਰ ਪੁੱਜੇ ਅਤੇ ਉਨ੍ਹਾਂ ਨਾਲ ਖਾਣਾ ਵੀ ਖਾਧਾ। ਮੋਦੀ ਨੇ ਆਪਣੀ ਮਾਂ ਦੇ ਪੈਰ ਛੋਹ ਕੇ ਅਸ਼ੀਰਵਾਦ ਲਿਆ।  

ਕੇਵੜੀਆ ਕੋਲ ਸਰਦਾਰ ਸਰੋਵਰ ਬੰਨ੍ਹ ਪੁੱਜੇ ਮੋਦੀ ਨੇ ਇਥੇ ਕਈ ਵੱਡੇ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਮੋਦੀ ਜਦੋਂ ਇਥੇ ਕੈਕਟਸ ਗਾਰਡਨ 'ਚ ਪੁੱਜੇ ਤਾਂ ਇਕ ਵੱਖ ਨਜ਼ਾਰਾ ਵੇਖਣ ਨੂੰ ਮਿਲਿਆ। ਮੋਦੀ ਨੂੰ ਇਕ ਵੱਡਾ ਡੱਬਾ ਦਿੱਤਾ ਗਿਆ, ਜਿਸ 'ਚ ਹਜ਼ਾਰਾਂ ਤਿੱਤਲੀਆਂ ਸਨ। ਮੋਦੀ ਨੇ ਡੱਬਾ ਖੋਲ੍ਹਿਆ ਅਤੇ ਹਜ਼ਾਰਾਂ ਤਿੱਤਲੀਆਂ ਨੂੰ ਆਜ਼ਾਦ ਕਰ ਦਿੱਤਾ।

ਦਰਅਸਲ 'ਸਟੈਚੂ ਆਫ ਯੂਨਿਟੀ' ਕੋਲ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਇੱਥੇ ਕਈ ਪ੍ਰਾਜੈਕਟਸ 'ਤੇ ਕੰਮ ਕੀਤਾ ਗਿਆ ਹੈ। ਜਿਵੇਂ ਕੈਕਟਸ ਗਾਰਡਨ ਬਣਾਉਣਾ, ਸਫ਼ਾਰੀ ਪਾਰਕ ਬਣਾਉਣਾ। ਮੰਗਲਵਾਰ ਨੂੰ ਮੋਦੀ ਨੇ ਇਨ੍ਹਾਂ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਮੋਦੀ ਨੇ ਇੱਥੇ ਕੈਕਟਸ ਗਾਰਡਨ ਦਾ ਦੌਰਾ ਕੀਤਾ, ਜਿਸ 'ਚ ਕੈਕਟਸ ਬੂਟੇ ਦੀਆਂ 450 ਤੋਂ ਵੱਧ ਪ੍ਰਜਾਤੀਆਂ ਲਗਾਈਆਂ ਗਈਆਂ ਹਨ ਅਤੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ। ਇਸ ਦੇ ਨੇੜੇ ਸਫ਼ਾਰੀ ਗਾਰਡਨ ਹੈ, ਜਿਥੇ ਸੈਲੀਆਂ ਲਈ ਵਿਸ਼ੇਸ਼ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਛੇਤੀ ਹੀ ਇੱਥੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਵੀ ਲਿਆਂਦਾ ਜਾਵੇਗਾ।

ਮੋਦੀ ਨੇ ਸਰਦਾਰ ਸਰੋਵਰ ਬੰਨ੍ਹ 'ਤੇ ਪੂਜਾ ਅਰਚਨਾ ਵੀ ਕੀਤੀ ਅਤੇ ਸਰਦਾਰ ਸਰੋਵਰ ਬੰਨ੍ਹ ਲਈ ਪੂਰੇ ਦੇਸ਼ ਨੂੰ ਵਧਾਈ ਦਿੱਤੀ। ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨਾਲ 70 ਸਾਲ ਤਕ ਭੇਦਭਾਵ ਹੋਇਆ ਹੈ ਪਰ ਹੁਣ ਅਸੀ ਉਥੇ ਵਿਕਾਸ ਕਰਨ 'ਚ ਸਫਲ ਹੋਵਾਂਗੇ। ਮੋਦੀ ਨੇ ਕਿਹਾ ਕਿ ਅੱਜ ਸਰਦਾਰ ਪਟੇਲ ਦੇ ਸੁਪਨੇ ਸੱਚ ਹੋ ਰਹੇ ਹਨ। ਆਜ਼ਾਦੀ ਦੌਰਾਨ ਜਿਹੜੇ ਕੰਮ ਅਧੂਰੇ ਰਹਿ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਅੱਜ ਦੇਸ਼ ਕਰ ਰਿਹਾ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ 70 ਸਾਲ ਤਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ।