ਆਖ਼ਰ ਕਸ਼ਮੀਰ ਜਾਣੋਂ ਕਿਉਂ ਰੋਕੇ ਜਾ ਰਹੇ ਕਸ਼ਮੀਰੀ ਨੇਤਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਾਰੂਕ ਅਬਦੁੱਲਾ ਨੂੰ ਹਿਰਾਸਤ ’ਚ ਲਿਆ

Why the Kashmiri leaders being prevented from going to Kashmir?

ਸ੍ਰੀਨਗਰ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਵਿਚਲੇ ਹਾਲਾਤਾਂ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ’ਤੇ ਉਂਗਲ ਉਠਾਈ ਜਾ ਰਹੀ ਹੈ। ਇਸੇ ਦੇ ਚਲਦਿਆਂ ਹੁਣ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ।  ਉਨ੍ਹਾਂ ਦੀ ਹਿਰਾਸਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਦਾਖ਼ਲ ਅਰਜ਼ੀ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਕ ਹਫ਼ਤੇ ਦਾ ਨੋਟਿਸ ਦੇ ਕੇ ਜਵਾਬ ਦੇਣ ਲਈ ਆਖਿਆ ਹੈ।  ਖ਼ਬਰ ਇਹ ਵੀ ਮਿਲ ਰਹੀ ਹੈ ਕਿ ਫਾਰੂਕ ਅਬਦੁੱਲਾ ਨੂੰ ਐਤਵਾਰ ਰਾਤ ਨੂੰ ਹੀ ਪਬਲਿਕ ਸੇਫ਼ਟੀ ਐਕਟ ਤਹਿਤ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਰਾਜਸਭਾ ਸਾਂਸਦ ਵਾਈਕੋ ਦੀ ਅਰਜ਼ੀ ’ਤੇ ਸੀਜੇਆਈ ਰੰਜਨ ਗੋਗੋਈ, ਜਸਟਿਸ ਐਸਏ ਬੋਬਡੇ ਅਤੇ ਜਸਟਿਸ ਐਸ ਅਬਦੁਲ ਨਜ਼ੀਰ ਦੀ ਬੈਂਚ ਵੱਲੋਂ ਇਹ ਸੁਣਵਾਈ ਕੀਤੀ ਗਈ, ਜਿਸ ਮਗਰੋਂ ਸੁਪਰੀਮ ਕੋਰਟ ਨੇ ਵਾਈਕੋ ਦੀ ਫਾਰੂਕ ਅਬਦੁੱਲਾ ਨੂੰ ਰਿਹਾਅ ਕਰਨ ਦੀ ਅਰਜ਼ੀ ’ਤੇ ਕੇਂਦਰ ਨੂੰ ਨੋਟਿਸ ਜਾਰੀ ਕਰ ਦਿੱਤਾ, ਜਿਸ ਦਾ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ।  ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।

ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਵਿਚ ਨੇਤਾ ਵਿਰੋਧੀ ਧਿਰ ਗ਼ੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਰਜ਼ੀ ’ਤੇ ਸੁਣਵਾਈ ਦੌਰਾਨ ਗ਼ੁਲਾਮ ਨਬੀ ਆਜ਼ਾਦ ਨੇ ਅਦਾਲਤ ਵਿਚ ਕਿਹਾ ਕਿ ਮੈਂ ਅਪਣੇ ਸੂਬੇ ਵਿਚ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਜਾਣ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕੋਰਟ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਉਹ ਉਥੇ ਕੋਈ ਰੈਲੀ ਨਹੀਂ ਕਰਨਗੇ, ਜਿਸ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

ਇਸ ਦੇ ਨਾਲ ਹੀ ਮਾਕਪਾ ਨੇਤਾ ਮੁਹੰਮਦ ਯੂਸਫ਼ ਤਾਰੀਗਾਗ਼ੀ ਨੂੰ ਵੀ ਅਪਣੇ ਗ੍ਰਹਿ ਰਾਜ ਜੰਮੂ-ਕਸ਼ਮੀਰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਅਦਾਲਤ ਨੇ ਕਿਹਾ ਕਿ ਜੇਕਰ ਏਮਜ਼ ਦੇ ਡਾਕਟਰ ਉਨ੍ਹਾਂ ਨੂੰ ਇਜਾਜ਼ਤ ਦੇਣ ਤਾਂ ਸਾਬਕਾ ਵਿਧਾਇਕ ਨੂੰ ਅਪਣੇ ਘਰ ਜਾਣ ਲਈ ਹੋਰ ਕਿਸੇ ਇਜਾਜ਼ਤ ਦੀ ਲੋੜ ਨਹੀਂ। ਜ਼ਿਕਰਯੋਗ ਹੈ ਕਿ ਬੀਮਾਰ ਹੋਏ ਮਾਕਪਾ ਨੇਤਾ ਨੂੰ ਅਦਾਲਤ ਦੇ ਆਦੇਸ਼ ਤੋਂ ਬਾਅਦ 9 ਸਤੰਬਰ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ।

ਇਸ ਦੇ ਨਾਲ ਹੀ ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗੋਈ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਦਾਖ਼ਲ ਅਰਜ਼ੀਆਂ ਦੀ ਸੁਣਵਾਈ ਕਰਦੇ ਹੋਏ ਆਖਿਆ ਕਿ ਜੇਕਰ ਲੋੜ ਪਵੇਗੀ ਤਾਂ ਉਹ ਖ਼ੁਦ ਜੰਮੂ-ਕਸ਼ਮੀਰ ਹਾਈਕੋਰਟ ਜਾਣਗੇ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਹਾਈਕੋਰਟ ਪਾਸੋਂ ਇਸ ਸਬੰਧੀ ਰਿਪੋਰਟ ਵੀ ਮੰਗੀ ਗਈ ਹੈ। .ਰਿਪੋਰਟ ਦੇਖਣ ਮਗਰੋਂ ਜੇਕਰ ਮੈਨੂੰ ਲੱਗਿਆ ਕਿ ਉਥੇ ਜਾਣਾ ਚਾਹੀਦੈ ਤਾਂ ਮੈਂ ਜ਼ਰੂਰ ਜਾਵਾਂਗਾ।

ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਈ ਨੂੰ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਤਕ ਉਥੇ ਲੱਗੀਆਂ ਪਾਬੰਦੀਆਂ ਨਹੀਂ ਹਟਾਈਆਂ ਜਾ ਰਹੀਆਂ, ਜਿਸ ਦਾ ਵਿਰੋਧ ਇਨ੍ਹਾਂ ਕਸ਼ਮੀਰੀ ਨੇਤਾਵਾਂ ਅਤੇ ਕਸ਼ਮੀਰੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਜਦਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿਚ ਜੀਵਨ ਹੌਲੀ-ਹੌਲੀ ਆਮ ਵਾਂਗ ਹੁੰਦਾ ਜਾ ਰਿਹਾ ਹੈ। ਪਰ ਅਸਲ ਸੱਚਾਈ ਦਾ ਪਤਾ ਤਾਂ ਉਦੋਂ ਹੀ ਲੱਗੇਗਾ ਜਦੋਂ ਮੀਡੀਆ ਨੂੰ ਉਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।