ਵਿਸ਼ਵ ਬੈਂਕ ਨੇ ਹਿਊਮਨ ਕੈਪੀਟਲ ਇੰਡੈਕਸ ਵਿਚ ਭਾਰਤ ਨੂੰ ਦਿੱਤੀ 116ਵੀਂ ਰੈਂਕਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੂੰ 174 ਦੇਸ਼ਾਂ ਦੀ ਰੈਂਕਿੰਗ ਵਿਚ ਦਿੱਤਾ ਗਿਆ ਇਹ ਸਥਾਨ

India ranks 116 in World Bank's Human Capital Index

ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਹਿਊਮਨ ਕੈਪੀਟਲ ਇੰਡੈਕਸ ਵਿਚ ਭਾਰਤ ਨੂੰ 116ਵੀਂ ਰੈਂਕਿੰਗ ਦਿੱਤੀ ਹੈ। ਭਾਰਤ ਨੂੰ 174 ਦੇਸ਼ਾਂ ਦੀ ਰੈਂਕਿੰਗ ਵਿਚ ਇਹ ਸਥਾਨ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਦੀ ਰੈਂਕਿੰਗ ਵਿਚ 2018 ਦੇ ਮੁਕਾਬਲੇ ਥੋੜਾ ਵਾਧਾ ਹੋਇਆ ਹੈ। 

ਵਿਸ਼ਵ ਬੈਂਕ ਦੇ ਹਿਊਮਨ ਕੈਪੀਟਲ ਇੰਡੈਕਸ ਮੁਤਾਬਕ ਭਾਰਤ ਦਾ ਸਕੋਰ 0.49 ਹੈ ਜਦਕਿ 2018 ਵਿਚ ਇਹ ਸਕੋਰ 0.44 ਸੀ। ਇਸ ਤੋਂ ਪਹਿਲਾਂ 2019 ਵਿਚ ਵਿਸ਼ਵ ਬੈਂਕ ਵੱਲ਼ੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਭਾਰਤ ਨੂੰ 157 ਦੇਸ਼ਾਂ ਵਿਚੋਂ 115 ਵੀਂ ਰੈਂਕਿੰਗ ਦਿੱਤੀ ਗਈ ਸੀ।

ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵਿਸ਼ਵ ਬੈੰਕ ਦੇ ਇੰਡੈਕਸ 'ਤੇ ਹੀ ਸਵਾਲ ਚੁੱਕਿਆ ਸੀ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਵਿਸ਼ਵ ਬੈਂਕ ਨੇ ਦੇਸ਼ ਵਿਚ ਗਰੀਬਾਂ ਨੂੰ ਸੰਕਟ ਵਿਚੋਂ ਉਭਾਰਨ ਲਈ ਅਪਣਾਈਆਂ ਗਈਆਂ ਨੀਤੀਆਂ ਦੀ ਅਣਦੇਖੀ ਕੀਤੀ ਹੈ।

ਵਿਸਵ ਬੈਂਕ ਨੇ 2020 ਹਿਊਮਨ ਕੈਪੀਟਲ ਇੰਡੈਕਸ ਵਿਚ 174 ਦੇਸ਼ਾਂ ਦੀ ਸਿੱਖਿਆ ਅਤੇ ਸਿਹਤ ਦਾ ਡਾਟਾ ਲਿਆ ਹੈ। ਇਹਨਾਂ 174 ਦੇਸ਼ਾਂ ਵਿਚ ਦੁਨੀਆਂ ਦੀ ਕੁੱਲ 98 ਫੀਸਦੀ ਅਬਾਦੀ ਹੈ। ਕੋਰੋਨਾ ਤੋਂ ਪਹਿਲਾਂ ਯਾਨੀ ਮਾਰਚ 2020 ਤੱਕ ਦੇ ਇਸ ਹਿਊਮਨ ਕੈਪੀਟਲ ਇੰਡੈਕਸ ਵਿਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਧਿਆਨ ਦਿੱਤਾ ਗਿਆ ਹੈ। 

ਜਦੋਂ ਭਾਰਤ ਦੇ ਪਿਛਲੇ ਸਾਲ ਦੇ ਇਤਰਾਜ਼ਾਂ ਬਾਰੇ ਪੁੱਛਿਆ ਗਿਆ ਤਾਂ ਵਿਸ਼ਵ ਬੈਂਕ ਦੇ ਮੁੱਖ ਵਿਕਾਸ ਅਰਥ ਸ਼ਾਸਤਰੀ  ਰੌਬਰਟਾ ਗੈਟੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਟੀਮ ਨੇ ਅੰਕੜਿਆਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਦੇਸ਼ਾਂ ਨਾਲ ਮਿਲ ਕੇ ਕੰਮ ਕੀਤਾ ਤਾਂ ਕਿ ਸਾਰਿਆਂ ਲਈ ਬਿਹਤਰ ਇੰਡੈਕਸ ਬਣ ਸਕੇ ਅਤੇ ਭਾਰਤ ਉਹਨਾਂ ਦੇਸ਼ਾਂ ਵਿਚੋਂ ਇਕ ਹੈ।  ਵਿਸ਼ਵ ਬੈਂਕ ਨੇ ਕਿਹਾ ਕਿ ਇਸ ਮਹਾਂਮਾਰੀ ਵਿਚ ਲੋਕਾਂ ਦੇ ਬਚਾਅ ਲਈ ਉਹ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਵਿਸ਼ਵ ਬੈਕ ਅਨੁਸਾਰ ਇਸ ਦੌਰਾਨ ਰੁਜ਼ਗਾਰ ਵਿਚ ਲਗਭਗ 12 ਫੀਸਦੀ ਦੀ ਕਮੀ ਆਈ ਹੈ।