ਕਰਨਾਟਕ : ਬੈਂਕ ਵਿਚੋਂ 20 ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਦੀ ਲੁੱਟ
ਹਥਿਆਰਬੰਦ ਵਿਅਕਤੀਆਂ ਨੇ ਸਟਾਫ ਨੂੰ ਬੰਨ੍ਹ ਕੇ ਲੁੱਟ ਨੂੰ ਦਿਤਾ ਅੰਜਾਮ
ਵਿਜੇਪੁਰਾ : ਦੇਸੀ ਪਿਸਤੌਲਾਂ ਅਤੇ ਚਾਕੂਆਂ ਨਾਲ ਲੈਸ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਇਕ ਕੌਮੀਕ੍ਰਿਤ ਬੈਂਕ ਨੂੰ ਕਥਿਤ ਤੌਰ ਉਤੇ ਲੁੱਟ ਲਿਆ ਅਤੇ 20 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 6:30 ਵਜੇ ਵਿਜੇਪੁਰਾ ਜ਼ਿਲ੍ਹੇ ਦੇ ਚੱਚਨ ਕਸਬੇ ’ਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਵਾਪਰੀ। ਬੈਂਕ ਅਧਿਕਾਰੀਆਂ ਦੇ ਅਨੁਮਾਨ ਮੁਤਾਬਕ ਲੁਟੇਰਿਆਂ ਨੇ ਕੁਲ ਮਿਲਾ ਕੇ 21 ਕਰੋੜ ਰੁਪਏ ਤੋਂ ਵੱਧ ਦੇ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ।
ਪੁਲਿਸ ਮੁਤਾਬਕ ਤਿੰਨ ਨਕਾਬਪੋਸ਼ ਵਿਅਕਤੀ ਖਾਤਾ ਖੋਲ੍ਹਣ ਦੇ ਬਹਾਨੇ ਬੈਂਕ ਆਏ ਅਤੇ ਮੈਨੇਜਰ, ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਨੂੰ ਪਿਸਤੌਲ ਅਤੇ ਚਾਕੂਆਂ ਨਾਲ ਧਮਕਾਇਆ। ਗਿਰੋਹ ਨੇ ਸਟਾਫ ਦੇ ਹੱਥ-ਪੈਰ ਬੰਨ੍ਹ ਦਿਤੇ। ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਉਹ ਇਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ 20 ਕਿਲੋਗ੍ਰਾਮ ਭਾਰ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
ਪੁਲਿਸ ਨੇ ਦਸਿਆ ਕਿ ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਵਿਜੇਪੁਰਾ ਦੇ ਪੁਲਿਸ ਸੁਪਰਡੈਂਟ ਲਕਸ਼ਮਣ ਨਿਮਬਰਗੀ ਨੇ ਦਸਿਆ ਕਿ ਸ਼ੱਕੀ ਵਿਅਕਤੀਆਂ ਨੇ ਜਾਅਲੀ ਨੰਬਰ ਪਲੇਟ ਵਾਲੀ ਸੁਜ਼ੂਕੀ ਈ.ਵੀ.ਏ. ਵਾਹਨ ਦੀ ਵਰਤੋਂ ਕੀਤੀ। ਅਪਰਾਧ ਕਰਨ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਪੰਢਰਪੁਰ ਵਲ ਚਲੇ ਗਏ।
ਇਸ ਦੌਰਾਨ ਮੁੱਖ ਮੰਤਰੀ ਸਿਧਾਰਮਈਆ ਨੇ ਪੁਲਿਸ ਨੂੰ ਅਜਿਹੀਆਂ ਘਟਨਾਵਾਂ ਅਤੇ ਗਤੀਵਿਧੀਆਂ ਨੂੰ ਰੋਕਣ ਲਈ ਸਾਰੇ ਸਾਵਧਾਨੀ ਉਪਾਅ ਕਰਨ ਦੇ ਹੁਕਮ ਦਿਤੇ ਹਨ।