ਹੈਰਾਨੀਜਨਕ! 11 ਸਾਲਾਂ ਵਿਚ ਛੇ ਲੋਕਾਂ ਨੇ ਚੋਰੀ ਕੀਤਾ 73 ਕਰੋੜ ਦਾ ਪਾਣੀ
ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਨ੍ਹਾਂ ਖੂਹਾਂ ਨਾਲ ਸਬੰਧਤ ਸਾਰੀ ਜਾਣਕਾਰੀ ਸੂਚਨਾ ਅਧਿਕਾਰ ਐਕਟ ਰਾਹੀਂ ਇਕੱਤਰ ਕੀਤੀ ਸੀ
ਨਵੀਂ ਦਿੱਲੀ- ਮੁੰਬਈ ਪੁਲਿਸ ਨੇ 11 ਲੋਕਾਂ ਤੋਂ 73 ਕਰੋੜ ਰੁਪਏ ਦੇ ਗੈਰ ਕਾਨੂੰਨੀ ਧਰਤੀ ਹੇਠਲੇ ਪਾਣੀ ਦੀ ਚੋਰੀ ਕਰਨ ਦੇ ਦੋਸ਼ ਵਿਚ 6 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਹੈ। ਇਹ ਸ਼ਿਕਾਇਤ ਪਾਂਡਿਆ ਮੇਂਸ਼ਨ ਵਿਚ ਰਹਿੰਦੇ ਕਿਰਾਏਦਾਰ ਸੁਰੇਸ਼ ਕੁਮਾਰ ਢੋਕਾ ਨੇ ਦਰਜ ਕਰਵਾਈ ਹੈ। ਇਸ ਇਮਾਰਤ ਦੇ ਵਿਹੜੇ ਵਿਚ ਦੋ ਖੂਹਾਂ ਵਿਚੋਂ ਗੈਰਕਨੂੰਨੀ ਪਾਣੀ ਕੱਢ ਕੇ ਵੇਚਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਾਰਤ ਦਾ ਮਾਲਕ ਤ੍ਰਿਪੁਰਾ ਪ੍ਰਸਾਦ ਪਾਂਡਿਆ ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਕੱਢ ਰਿਹਾ ਸੀ ਅਤੇ ਪਾਣੀ ਦੇ ਟੈਂਕਰ ਚਾਲਕਾਂ ਰਾਹੀਂ ਇਸ ਨੂੰ ਵੇਚ ਰਿਹਾ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਨ੍ਹਾਂ ਖੂਹਾਂ ਨਾਲ ਸਬੰਧਤ ਸਾਰੀ ਜਾਣਕਾਰੀ ਸੂਚਨਾ ਅਧਿਕਾਰ ਐਕਟ ਰਾਹੀਂ ਇਕੱਤਰ ਕੀਤੀ ਸੀ। ਇੰਡੀਅਨ ਇੰਸਟੀਚਿਊਟ ਹਿਊਮਨ ਸੈਟਲਮੈਂਟ ਦੇ ਅਧਿਐਨ ਅਨੁਸਾਰ, ਇਕ ਭਾਰਤੀ ਸ਼ਹਿਰ ਵਿਚ ਔਸਤ ਵਿਅਕਤੀ ਪ੍ਰਤੀ ਦਿਨ 135 ਲੀਟਰ ਦੀ ਜ਼ਰੂਰਤ ਦੇ ਮੁਕਾਬਲੇ ਸਿਰਫ 69 ਲੀਟਰ ਪਾਣੀ ਹੀ ਇਸਤੇਮਾਲ ਕਰ ਸਕਦਾ ਹੈ। ਕੇਂਦਰੀ ਧਰਤੀ ਹੇਠਲੇ ਪਾਣੀ ਬੋਰਡ ਅਨੁਸਾਰ ਪ੍ਰਤੀ ਵਿਅਕਤੀ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ 1951 ਵਿਚ 14,180 ਲੀਟਰ ਤੋਂ ਵੱਧ ਕੇ 2025 ਵਿਚ 3,670 ਲੀਟਰ ਪ੍ਰਤੀ ਦਿਨ ਹੋ ਜਾਵੇਗੀ।