ਬਦਲਾ ਲੈਣ ਲਈ 61 ਸਾਲਾ ਬਜ਼ੁਰਗ ਨੇ ਚੋਰੀ ਕੀਤੀਆਂ 159 ਸਾਈਕਲਾਂ ਦੀਆਂ ਸੀਟਾਂ
ਜਾਪਾਨ 'ਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ।..
ਟੋਕੀਓ : ਜਾਪਾਨ 'ਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਇੱਥੇ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨ੍ਹੇ ਸਾਈਕਲ ਦੀਆਂ 159 ਸੀਟਾਂ ਚੁਰਾ ਲਈਆਂ ਹਨ। ਦਰਅਸਲ ਟੋਕੀਓ ਦੇ ਓਟਾ ਵਾਰਡ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਈਕਲ ਦੀਆਂ ਸੀਟਾਂ ਚੋਰੀ ਹੋ ਰਹੀਆਂ ਸਨ, ਜਿਸ ਤੋਂ ਬਾਅਦ ਲੋਕਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ।
ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਪਾਇਆ ਕਿ ਇੱਕ ਬਜ਼ੁਰਗ ਸਾਈਕਲ ਦੀ ਸੀਟ ਕੱਢ ਕੇ ਆਪਣੀ ਸਾਈਕਲ 'ਚ ਲੱਗੇ ਬਾਸਕਿਟ 'ਚ ਪਾ ਕੇ ਚੁਪਚਾਪ ਉੱਥੇ ਤੋਂ ਚਲਾ ਗਿਆ। ਬਜ਼ੁਰਗ ਨੇ ਪਹਿਲੀ ਵਾਰ ਅਗਸਤ ਵਿਚ ਸਾਈਕਲ ਦੀ ਸੀਟ ਚੋਰੀ ਕੀਤੀ ਸੀ। ਉਸ ਨੇ ਜਿਸ ਸ਼ਖਸ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਉਸ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਇਸ ਮਗਰੋਂ ਪੁਲਿਸ ਦੀ ਰਡਾਰ 'ਤੇ ਆ ਗਿਆ। ਪੁਲਿਸ ਨੇ ਉਸ ਬਜ਼ੁਰਗ ਦੇ ਬਾਰੇ ਵਿਚ ਪਤਾ ਲਗਾਇਆ ਅਤੇ ਉਸ ਦੇ ਘਰ ਛਾਪਾ ਮਾਰਿਆ।
ਛਾਪੇਮਾਰੀ ਦੌਰਾਨ ਪੁਲਿਸ ਕਰਮੀ ਇਹ ਦੇਖ ਕੇ ਹੈਰਾਨ ਸਨ ਕਿ ਅਕਿਓ ਹਤੋਰੀ ਨਾਮ ਦੇ ਸ਼ਖਸ ਨੇ ਆਪਣੇ ਘਰ ਚੋਰੀ ਕੀਤੀਆਂ ਸਾਈਕਲਾਂ ਦੀਆਂ 159 ਸੀਟਾਂ ਜਮਾਂ ਕੀਤੀਆਂ ਹੋਈਆਂ ਸਨ। ਪੁਲਿਸ ਨੇ ਸਾਰੀਆਂ ਸੀਟਾਂ ਬਰਾਮਦ ਕਰ ਲਈਆਂ ਅਤੇ ਬਜ਼ੁਰਗ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜਦੋਂ ਅਕਿਓ ਤੋਂ ਚੋਰੀ ਕਰਨ ਦਾ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਪਿਛਲੇ ਸਾਲ ਕਿਸੇ ਨੇ ਉਨ੍ਹਾਂ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਅਤੇ ਬਾਅਦ ਵਿਚ ਸਾਈਕਲ ਵੀ ਚੋਰੀ ਕਰ ਲਈ ਸੀ। ਸਾਈਕਲ ਚੋਰੀ ਹੋਣ ਕਾਰਨ ਉਨ੍ਹਾਂ ਨੂੰ ਨਵੀਂ ਸਾਈਕਲ ਖਰੀਦਣੀ ਪਈ ਸੀ।
ਇਸ ਗੱਲ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਲੋਕਾਂ ਤੋਂ ਬਦਲਾ ਲੈਣ ਦੀ ਸੋਚੀ ਅਤੇ ਸਾਈਕਲ ਦੀਆਂ ਸੀਟਾਂ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਅਕਿਓ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਦੂਜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਸਾਈਕਲ ਦੀ ਸੀਟ ਚੋਰੀ ਹੋ ਜਾਣ 'ਤੇ ਕਿੰਨਾ ਦੁੱਖ ਹੁੰਦਾ ਹੈ। ਫਿਲਹਾਲ ਅਕਿਓ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।