ਸਿੰਘੂ ਬਾਰਡਰ ਮਾਮਲਾ : ਇਸ ਘਟਨਾ ਦੀ ਹੋਵੇ ਉੱਚ ਪੱਧਰੀ ਜਾਂਚ : ਜਗਜੀਤ ਸਿੰਘ ਡੱਲੇਵਾਲ
ਲਖਬੀਰ ਸਿੰਘ ਦੀ ਭੈਣ ਨੇ ਜੋ ਬਿਆਨ ਦਿੱਤੇ ਹਨ ਉਨ੍ਹਾਂ ਦੀ ਗੰਭੀਰਤਾ ਨਾਲ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ : ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਦੱਸ ਦਈਏ ਕਿ ਡੱਲੇਵਾਲ ਨੇ ਲਾਈਵ ਹੋ ਕੇ ਕਿਹਾ ਕਿ ਇਸ ਘਟਨਾ ਸਬੰਧੀ ਖ਼ਬਰਾਂ ਛਪਣ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ ਹਨ, ਜਿਸ ਤਰ੍ਹਾਂ ਕਿ ਮ੍ਰਿਤਕ ਲਖਬੀਰ ਸਿੰਘ ਦੀ ਭੈਣ ਨੇ ਜੋ ਬਿਆਨ ਦਿੱਤੇ ਹਨ ਉਨ੍ਹਾਂ ਦੀ ਗੰਭੀਰਤਾ ਨਾਲ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲਖਬੀਰ ਦੀ ਭੈਣ ਨੇ ਮੀਡੀਆ ਵਿਚ ਕੁੱਝ ਗੱਲਾਂ ਕਹੀਆਂ ਸਨ ਜਿਸ ਨਾਲ ਇਹ ਮਾਮਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ (ਲਖਬੀਰ ਦੀ ਭੈਣ) ਨੇ ਕਿਹਾ ਸੀ ਕਿ ਲਖਬੀਰ ਨਸ਼ੇੜੀ ਸੀ ਅਤੇ ਉਸ ਤੋਂ 50 ਰੁਪਏ ਲੈ ਕੇ ਮੰਡੀ ਵਿਚ ਜਾਣ ਦੀ ਗੱਲ ਕਰਦਾ ਸੀ। ਇਸ ਤੋਂ ਇਲਾਵਾ ਉਸ ਦੀ ਭੈਣ ਨੇ ਇਹ ਵੀ ਕਿਹਾ ਸੀ ਕਿ ਲਖਬੀਰ ਨੂੰ ਕੋਈ ਆਦਮੀ ਆਪਣੇ ਨਾਲ ਲੈ ਕੇ ਗਏ ਸਨ ਅਤੇ ਜਦੋਂ ਵੀ ਉਸ ਨੂੰ ਕੋਈ ਫੋਨ ਆਉਂਦਾ ਸੀ ਤਾਂ ਉਹ ਪਰਵਾਰਿਕ ਮੈਂਬਰਾਂ ਤੋਂ ਦੂਰ ਜਾ ਕੇ ਹੀ ਗੱਲ ਕਰਦਾ ਸੀ। ਲਖਬੀਰ ਦੀ ਭੈਣ ਅਨੁਸਾਰ ਉਹ ਕਿਸੇ ਸੰਧੂ ਦੇ ਸੰਪਰਕ ਵਿਚ ਸੀ ਅਤੇ ਕਹਿੰਦਾ ਸੀ ਕੇ ਮੇਰੀ ਬਹੁਤ ਵੱਡੇ ਬੰਦਿਆਂ ਨਾਲ ਗੱਲਬਾਤ ਹੋ ਗਈ ਹੈ।
ਡੱਲੇਵਾਲ ਨੇ ਕਿਹਾ ਕਿ ਇਸ ਸਾਰੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਸ ਆਦਮੀ ਨੂੰ ਸਿੰਘੂ ਬਾਰਡਰ 'ਤੇ ਹੋਈ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿਸੇ ਵੱਲੋਂ ਤਿਆਰ ਕਰ ਕਿ ਭੇਜਿਆ ਗਿਆ ਹੈ ਅਤੇ ਇੱਥੇ ਸਰਬ ਲੋਹ ਗ੍ਰੰਥ ਦੀ ਬੇਅਦਬੀ ਹੋਈ।
ਉਨ੍ਹਾਂ ਕਿਹਾ ਕਿ ਜੇਕਰ ਇਸ ਦਾ ਲਿੰਕ ਲਾਖੀਮਪੁਰ ਖੇੜੀ ਦੀ ਘਟਨਾ ਨਾਲ ਜੋੜਿਆ ਜਾਵੇ ਤਾਂ BJP ਵਲੋਂ ਉਸ ਤੋਂ ਵੀ ਵੱਡੀ ਘਟਨਾ ਕਰਵਾਉਣ ਦੇ ਚਲਦਿਆਂ ਸਰਬ ਲੋਹ ਗ੍ਰੰਥ ਦੀ ਬੇਅਦਬੀ ਕਰਵਾ ਕੇ ਕਿਸਾਨੀ ਅੰਦੋਲਨ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਤਿਆਰ ਕਰ ਕਿ ਇਸ ਮੋਰਚੇ ਦਾ ਹਿੱਸਾ ਬਣਾਇਆ ਸੀ।
ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੇਅਦਬੀ ਕਾਂਡ ਦੀ ਤੁਰੰਤ ਉੱਚ ਪੱਧਰੀ ਜਾਂਚ ਹੋਵੇ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਦੇ ਸਬੰਧ ਵਿਚ ਸੀ ਅਤੇ ਇਸ ਸਾਰੀ ਘਟਨਾ ਦੇ ਪਿੱਛੇ ਕੌਣ ਹੈ ਜਿਨ੍ਹਾਂ ਨੇ ਮੋਰਚੇ ਨੂੰ ਖਰਾਬ ਕਰਨ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।