ਸਿੰਘੂ ਬਾਰਡਰ ’ਤੇ ਲੱਗੀ ਅੱਗ, ਕਿਸਾਨ ਆਗੂ ਨੇ ਕਿਹਾ ਮੋਰਚੇ ਨੂੰ ਖਦੇੜਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਆਗੂ ਨੇ ਕਿਹਾ ਕਿ ਮੋਰਚੇ ਨੂੰ ਖਦੇੜਨ ਲਈ ਹੁਣ ਤੱਕ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।

Fire At Singhu Border

ਨਵੀਂ ਦਿੱਲੀ (ਹਰਜੀਤ ਕੌਰ): ਦਿੱਲੀ ਦੀਆਂ ਬਰੂਹਾਂ ’ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅੱਜ ਤੜਕੇ 4.30 ਵਜੇ ਦੇ ਕਰੀਬ ਇਕ ਝੁੱਗੀ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਥੇ ਰਹਿ ਰਹੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਵਿਚ ਕਈ ਮੰਜੇ, ਫਰਿੱਜ, ਪੱਖੇ, ਕੱਪੜੇ, ਕੂਲਰ, ਬਿਸਤਰੇ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਏ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਪੜ੍ਹੋ: ਦਿੱਲੀ ਦੇ ਬਾਰਡਰਾਂ 'ਤੇ ਬਲਾਤਕਾਰ ਤੇ ਕਤਲ ਹੋ ਰਹੇ ਨੇ, ਅੰਦੋਲਨ ਨੂੰ ਤੁਰੰਤ ਬੰਦ ਕਰੋ : ਅਸ਼ਵਨੀ ਸ਼ਰਮਾ

ਘਟਨਾ ਵਾਲੀ ਥਾਂ ’ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੀ ਪਹੁੰਚੇ। ਉਹਨਾਂ ਦੱਸਿਆ ਕਿ ਜਦੋਂ ਝੁੱਗੀ ਨੂੰ ਅੱਗ ਲੱਗੀ ਤਾਂ ਅੰਦਰ ਤਿੰਨ ਵਿਅਕਤੀ ਸੁੱਤੇ ਹੋਏ ਸਨ, ਸਥਾਨਕ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ ਗਈ। ਉਹਨਾਂ ਕਿਹਾ ਕਿ ਇਹ ਅੱਗ ਜਾਣਬੁੱਝ ਕੇ ਲਗਾਈ ਗਈ। ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਭਿਆਨਕ ਅੱਗ ਨੂੰ ਸਥਾਨਕ ਕਿਸਾਨਾਂ ਨੇ ਬੁਝਾਇਆ ਹੈ। ਪੁਲਿਸ ਅਧਿਕਾਰੀ ਕਾਫੀ ਦੇਰ ਬਾਅਦ ਘਟਨਾ ਵਾਲੀ ਥਾਂ ’ਤੇ ਪਹੁੰਚੇ।

ਹੋਰ ਪੜ੍ਹੋ: Fact Check: ਇਹ ਤਸਵੀਰ ਕਸ਼ਮੀਰ ਦੀ ਨਹੀਂ, ਮਹਾਰਾਸ਼ਟਰ 'ਚ CAA ਕਾਨੂੰਨਾਂ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ

ਕਿਸਾਨ ਆਗੂ ਨੇ ਕਿਹਾ ਕਿ ਮੋਰਚੇ ਨੂੰ ਖਦੇੜਨ ਲਈ ਹੁਣ ਤੱਕ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸੰਘਰਸ਼ ਨੂੰ ਬਦਨਾਮ ਕਰਨ ਲਈ ਕਈ ਲੋਕਾਂ ਨੂੰ ਵੀ ਭੇਜਿਆ ਗਿਆ ਤੇ ਉਹਨਾਂ ਖਿਲਾਫ਼ ਮਾਮਲੇ ਦਰਜ ਕਰਵਾਏ ਗਏ ਪਰ ਕੋਈ ਕਾਰਵਾਈ ਨਹੀਂ ਹੋਈ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਇਹਨਾਂ ਲੋਕਾਂ ਦੇ ਨੁਕਸਾਨ ਦੀ ਭਰਪਾਈ ਸਬੰਧੀ ਗੱਲ ਰੱਖੀ ਜਾਵੇਗੀ।

ਹੋਰ ਪੜ੍ਹੋ: ਪੰਜਾਬ ਸਰਕਾਰ ਨੇ 31 ਅਕਤੂਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ,ਨਵੇਂ ਦਿਸ਼ਾ ਨਿਰਦੇਸ਼ ਜਾਰੀ

ਕਿਸਾਨ ਆਗੂ ਨੇ ਦੱਸਿਆ ਕਿ ਉਹਨਾਂ ਨੇ ਕਈ ਸ਼ੱਕੀ ਵਿਅਕਤੀ ਫੜ ਕੇ ਪੁਲਿਸ ਹਵਾਲੇ ਕੀਤੇ ਅਤੇ ਉਹਨਾਂ ਨੇ ਸਭ ਕੁੱਝ ਕਬੂਲ ਵੀ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ। ਮੋਰਚੇ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਆਗੂਆਂ ਵਲੋਂ ਨਫਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤੇ ਸਭ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਈ ਪੰਜਾਬਣ ਕੁੜੀ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਬੀਤੇ ਦਿਨ ਸਿੰਘੂ ਬਾਰਡਰ ’ਤੇ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਕਿਸਾਨ ਆਗੂ ਨੇ ਕਿਹਾ ਕਿ ਲਖਵੀਰ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਨੂੰ ਬਾਹਰੋਂ ਗੱਡੀ ਵਿਚ ਕੁਝ ਵਿਅਕਤੀ ਲੈਣ ਆਏ ਸਨ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਜਾਂ ਤਾ ਪ੍ਰਸ਼ਾਸਨ ਵਲੋਂ ਨਸ਼ੇੜੀ ਕਰਾਰ ਦਿੱਤਾ ਜਾਂਦਾ ਹੈ ਜਾਂ ਮਾਨਸਿਕ ਤੌਰ ’ਤੇ ਬਿਮਾਰ। ਇਹਨਾਂ ਘਟਨਾਵਾਂ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਲਖਵੀਰ ਸਿੰਘ ਦੇ ਪਿੰਡ ਤੋਂ ਉਸ ਨੂੰ ਗੱਡੀ ਵਿਚ ਲਿਆਉਣ ਵਾਲੇ ਵਿਅਕਤੀਆਂ ਸਬੰਧੀ ਜਾਂਚ ਕੀਤੀ ਜਾਣੀ ਚਾਹੀਦੀ ਹੈ।