ਉੱਤਰਾਖੰਡ ਦਾ ਅੰਕਿਤਾ ਭੰਡਾਰੀ ਕਤਲ ਕਾਂਡ - ਫ਼ੋਰੈਂਸਿਕ ਰਿਪੋਰਟ 'ਚ ਬਲਾਤਕਾਰ ਤੋਂ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਨਮੂਨੇ ਦੀ ਰਿਪੋਰਟ ਵਿੱਚ ਅੰਕਿਤਾ ਦੇ ਕਤਲ ਤੋਂ ਪਹਿਲਾਂ ਉਸ ਦੇ ਜਿਨਸੀ ਸ਼ੋਸ਼ਣ ਦਾ ਜ਼ਿਕਰ ਨਹੀਂ ਹੈ।

Ankita Bhandari murder case: Forensic report rules out rape

 

ਦੇਹਰਾਦੂਨ - ਉੱਤਰਾਖੰਡ 'ਚ ਇੱਕ ਰਿਜ਼ੋਰਟ ਮਾਲਕ ਵੱਲੋਂ ਉੱਥੇ ਰਿਸੈਪਸ਼ਨਿਸਟ ਵਜੋਂ ਕੰਮ ਕਰਨ ਵਾਲੀ ਅੰਕਿਤਾ ਭੰਡਾਰੀ ਦੀ ਕਥਿਤ ਤੌਰ 'ਤੇ ਹੱਤਿਆ ਦੇ ਮਾਮਲੇ ਵਿੱਚ ਪੀੜਤਾ ਦੇ ਵਿਸਰਾ ਨਮੂਨਿਆਂ ਦੀ ਮੁੱਢਲੀ ਫ਼ੋਰੈਂਸਿਕ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਨੇ ਦਿੱਤੀ।

ਭੰਡਾਰੀ ਦੇ ਰੁਜ਼ਗਾਰਦਾਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਦੇ ਪੁੱਤਰ ਪੁਲਕਿਤ ਆਰੀਆ ਅਤੇ ਉਸ ਦੇ ਦੋ ਸਾਥੀਆਂ ਨੇ ਕਥਿਤ ਤੌਰ 'ਤੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਖ਼ਿਲਾਫ਼ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ, ਅਤੇ ਲੋਕਾਂ ਨੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ।

ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਵਿਸਰਾ ਨਮੂਨੇ ਦੀ ਰਿਪੋਰਟ ਵਿੱਚ ਅੰਕਿਤਾ ਦੇ ਕਤਲ ਤੋਂ ਪਹਿਲਾਂ ਉਸ ਦੇ ਜਿਨਸੀ ਸ਼ੋਸ਼ਣ ਦਾ ਜ਼ਿਕਰ ਨਹੀਂ ਹੈ। ਉਸ ਨੇ ਕਿਹਾ ਕਿ ਨਵੇਂ ਨਤੀਜੇ, ਏਮਜ਼ ਰਿਸ਼ੀਕੇਸ਼ ਵੱਲੋਂ ਜਾਰੀ ਪੋਸਟਮਾਰਟਮ ਰਿਪੋਰਟ ਦਾ ਸਮਰਥਨ ਕਰਦੀਆਂ ਹਨ, ਜਿਸ ਵਿੱਚ ਪੀੜਤ ਦੇ ਜਿਨਸੀ ਸ਼ੋਸ਼ਣ ਤੋਂ ਇਨਕਾਰ ਕੀਤਾ ਗਿਆ ਸੀ।

ਆਰੀਆ ਅਤੇ ਉਸ ਦੇ ਦੋ ਸਾਥੀ ਜੇਲ੍ਹ ਵਿੱਚ ਹਨ ਜਦੋਂਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਆਪਣੇ ਸਿੱਟੇ ਦੇ ਨੇੜੇ ਹੈ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਅੰਕਿਤਾ ਭੰਡਾਰੀ (19) ਦੀ ਲਾਸ਼ 24 ਸਤੰਬਰ ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਚਿੱਲਾ ਨਹਿਰ 'ਚੋਂ ਬਰਾਮਦ ਹੋਈ ਸੀ।