ਅੰਕਿਤਾ ਭੰਡਾਰੀ ਕਤਲ ਮਾਮਲਾ: ਪਿਤਾ ਦਾ ਬਿਆਨ- ਸਬੂਤ ਮਿਟਾਉਣ ਲਈ ਰਿਜ਼ੋਰਟ ’ਤੇ ਚਲਾਇਆ ਗਿਆ ਬੁਲਡੋਜ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਘਟਨਾ ਨਾਲ ਸਬੰਧਤ ਸਾਰੇ ਸਬੂਤ ਇਕੱਠੇ ਕਰ ਲਏ ਗਏ ਹਨ।

Protest for justice to Ankita Bhandari

 

ਦੇਹਰਾਦੂਨ: ਆਪਣੀ 19 ਸਾਲਾ ਧੀ ਦੀ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਅੰਕਿਤਾ ਭੰਡਾਰੀ ਦੇ ਪਿਤਾ ਨੇ ਐਤਵਾਰ ਨੂੰ ਕਿਹਾ ਕਿ ਰਿਜ਼ੋਰਟ ਨੂੰ ਢਾਹੁਣ ਦੇ ਨਾਲ-ਨਾਲ ਮਾਮਲੇ ਸਬੰਧੀ ਕਈ ਸਬੂਤ ਵੀ ਨਸ਼ਟ ਹੋ ਗਏ ਹਨ। ਹਾਲਾਂਕਿ ਪੁਲਿਸ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਘਟਨਾ ਨਾਲ ਸਬੰਧਤ ਸਾਰੇ ਸਬੂਤ ਇਕੱਠੇ ਕਰ ਲਏ ਗਏ ਹਨ।

ਅੰਕਿਤਾ ਦੇ ਪਿਤਾ ਵਰਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਰਿਜ਼ੋਰਟ ਨੂੰ ਢਾਹੁਣ ਦੀ ਕਾਰਵਾਈ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਉਹਨਾਂ ਕਿਹਾ, “ਰਿਜੋਰਟ ਵਿਚ ਰਜਿਸਟਰ ਆਦਿ ਹੋਣਗੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਉੱਥੇ ਕੌਣ ਆਉਂਦਾ ਸੀ ਪਰ ਜਦੋਂ ਉਸ ਨੂੰ ਢਾਹ ਦਿੱਤਾ ਗਿਆ ਤਾਂ ਉਹ ਸਭ ਖਤਮ ਹੋ ਗਏ।” ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਅੰਕਿਤਾ ਪੌੜੀ ਜ਼ਿਲ੍ਹੇ 'ਚ ਯਮਕੇਸ਼ਵਰ ਦੇ ਗੰਗਾ ਭੋਗਪੁਰ ਇਲਾਕੇ 'ਚ ਵੰਤਾਰਾ ਰਿਜ਼ੋਰਟ 'ਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ ਅਤੇ 19 ਸਤੰਬਰ ਤੋਂ ਲਾਪਤਾ ਸੀ।

ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿਚੋਂ ਇਕ ਪੁਲਕਿਤ ਆਰਿਆ ਭਾਜਪਾ ਦੇ ਸਾਬਕਾ ਆਗੂ ਵਿਨੋਦ ਆਰਿਆ ਦਾ ਪੁੱਤਰ ਹੈ, ਜੋ ਰਿਜ਼ੋਰਟ ਦਾ ਮਾਲਕ ਸੀ। ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਹੀ ਰਿਜ਼ੋਰਟ 'ਤੇ ਬੁਲਡੋਜ਼ਰ ਚਲਾ ਕੇ ਇਸ ਨੂੰ ਢਾਹ ਦਿੱਤਾ।

ਹਾਲਾਂਕਿ ਅੰਕਿਤਾ ਦੇ ਪਿਤਾ ਦੇ ਦੋਸ਼ਾਂ 'ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਰਿਜ਼ੋਰਟ 'ਚ ਜਾ ਕੇ ਜਾਂਚ ਪੂਰੀ ਕਰ ਲਈ ਹੈ ਅਤੇ ਉਹਨਾਂ ਕੋਲ ਉਸ ਦੇ ਕਤਲ 'ਚ ਸ਼ਾਮਲ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਕਾਫੀ ਸਬੂਤ ਹਨ। ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੀ ਟੀਮ ਦੀ ਅਗਵਾਈ ਕਰ ਰਹੇ ਪੌੜੀ ਦੇ ਵਧੀਕ ਪੁਲਿਸ ਸੁਪਰਡੈਂਟ ਸ਼ੇਖਰ ਸੁਆਲ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਰਿਜ਼ੋਰਟ ਵਿਚ ਜਾ ਕੇ ਜਾਂਚ ਪੂਰੀ ਕਰ ਲਈ ਹੈ। ਉਹਨਾਂ ਕਿਹਾ, “ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਦੋਸ਼ੀ ਦੇ ਖਿਲਾਫ ਬਹੁਤ ਮਜ਼ਬੂਤ ​​ਸਬੂਤ ਹਨ। ਅੰਕਿਤਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।'

ਉਹਨਾਂ ਦੱਸਿਆ ਕਿ ਏਮਜ਼ ਰਿਸ਼ੀਕੇਸ਼ ਵਿਖੇ ਚਾਰ ਡਾਕਟਰਾਂ ਦੇ ਪੈਨਲ ਵੱਲੋਂ ਅੰਕਿਤਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ 'ਤੇ ਭਰੋਸਾ ਰੱਖਣ ਦੀ ਅਪੀਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਧਰਨਾ ਦੇ ਰਹੇ ਲੋਕਾਂ ਨੂੰ ਉਥੋਂ ਉੱਠਣ ਦੀ ਅਪੀਲ ਕੀਤੀ। ਪਰਿਵਾਰ ਦੇ ਸਮਰਥਨ 'ਚ ਇਕੱਠੇ ਹੋਏ ਲੋਕਾਂ ਨੇ ਸਰਕਾਰ ਤੋਂ ਅੰਕਿਤਾ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਅਤੇ ਉਸ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।