ਚੰਡੀਗੜ੍ਹ ਦੀਆਂ ਟੂਟੀਆਂ ਦਾ ਪਾਣੀ ਪੀਣਯੋਗ ਨਹੀਂ
ਮੁੰਬਈ ਤੋਂ ਇਲਾਵਾ ਹੋਰ ਮਹਾਂਨਗਰਾਂ ਸਮੇਤ 17 ਸੂਬਿਆਂ ਦੀਆਂ ਰਾਜਧਾਨੀਆਂ ਦੀਆਂ ਟੂਟੀਆਂ ਦਾ ਪਾਣੀ ਆਰ.ਓ. ਤੋਂ ਬਗ਼ੈਰ ਪੀਣਯੋਗ ਨਹੀਂ
ਨਵੀਂ ਦਿੱਲੀ : ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅਧਿਐਨ ਅਨੁਸਾਰ ਮੁੰਬਈ ਦੇ ਵਾਸੀਆਂ ਨੂੰ ਸਾਫ਼ ਪਾਣੀ ਲਈ ਆਰ.ਓ. (ਰਿਵਰਸ ਓਸਮੋਸਿਸ) ਖ਼ਰੀਦਣ ਦੀ ਜ਼ਰੂਰਤ ਨਹੀਂ ਹੈ। ਮੁੰਬਈ 'ਚ ਟੂਟੀਆਂ ਦਾ ਪਾਣੀ ਭਾਰਤੀ ਮਾਨਕ ਬਿਊਰੋ ਦੇ ਮਾਨਕਾਂ 'ਤੇ ਖਰਾ ਉਤਰਿਆ ਹੈ। ਹਾਲਾਂਕਿ ਇਸ ਜਾਂਚ 'ਚ ਚੰਡੀਗੜ੍ਹ ਸਮੇਤ 17 ਸੂਬਿਆਂ ਦੀਆਂ ਰਾਜਧਾਨੀਆਂ ਦਾ ਪਾਣੀ ਖਰਾ ਨਹੀਂ ਉਤਰਿਆ ਅਤੇ ਇਸ ਨੂੰ ਆਰ.ਓ. ਤੋਂ ਬਗ਼ੈਰ ਮਨੁੱਖੀ ਪ੍ਰਯੋਗ ਲਈ ਪੀਣਯੋਗ ਨਹੀਂ ਮੰਨਿਆ ਗਿਆ।
ਮੰਤਰਾਲੇ ਅਨੁਸਾਰ ਮੁੰਬਈ ਦੀਆਂ ਟੂਟੀਆਂ 'ਚੋਂ ਇਕੱਠਾ ਕੀਤੇ ਗਏ ਪਾਣੀ ਦੇ ਨਮੂਨੇ, ਪੀਣ ਲਈ ਭਾਰਤੀ ਮਾਨਕਾਂ ਦੇ ਅਨੁਕੂਲ ਹਨ। ਜਦਕਿ ਦੂਜੇ ਮੈਟਰੋ ਸ਼ਹਿਰਾਂ ਦਿੱਲੀ, ਚੇਨਈ, ਕੋਲਕਾਤਾ 'ਚ ਟੂਟੀਆਂ 'ਚੋਂ ਮਿਲਣ ਵਾਲਾ ਪਾਣੀ ਜ਼ਿਆਦਾਤਰ ਕੁਆਲਿਟੀ ਮਾਨਕਾਂ 'ਤੇ ਖਰਾ ਨਹੀਂ ਉਤਰਦਾ। ਇਕ ਰੀਪੋਰਟ 'ਚ ਇਹ ਪ੍ਰਗਟਾਵਾ ਹੋਇਆ ਹੈ। ਖਪਤਕਾਰ ਮਾਮਲੇ ਮੰਤਰਾਲਾ ਤਹਿਤ ਆਉਣ ਵਾਲੇ ਭਾਰਤੀ ਮਾਨਕ ਬਿਊਰੋ (ਬੀ.ਆਈ.ਐਸ.) ਵਲੋਂ ਕੀਤੀ ਜਾਂਚ 'ਚ ਦਿੱਲੀ, ਕੋਲਕਾਤਾ ਅਤੇ ਚੇਨਈ ਦੇ ਹੋਰ ਮੈਟਰੋ ਸ਼ਹਿਰਾਂ 'ਚ ਨਲਕਿਆਂ ਤੋਂ ਸਪਲਾਈ ਹੋਣ ਵਾਲਾ ਪਾਣੀ 11 ਕੁਆਲਿਟੀ ਮਾਨਕਾਂ 'ਚੋਂ ਲਗਭਗ 10 'ਚ ਫ਼ੇਲ੍ਹ ਸਾਬਤ ਹੋਇਆ।
ਇਸੇ ਤਰ੍ਹਾਂ 17 ਹੋਰ ਸੂਬਿਆਂ ਦੀਆਂ ਰਾਜਧਾਨੀਆਂ 'ਚੋਂ ਲਏ ਗਏ ਨਮੂਨੇ, ਪੀਣ ਲਈ 'ਭਾਰਤ ਮਾਨਕ (ਆਈ.ਐਸ.) - 10500:2012' 'ਤੇ ਖਰੇ ਨਹੀਂ ਉਤਰਦੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੂਜੇ ਗੇੜ ਦੇ ਅਧਿਐਨ ਨੂੰ ਜਾਰੀ ਕਰਦਿਆਂ ਕਿਹਾ, ''20 ਸੂਬਿਆਂ ਦੀਆਂ ਰਾਜਧਾਨੀਆਂ 'ਚੋਂ ਮੁੰਬਈ ਦੇ ਪਾਈਪ ਤੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਸਾਰੇ 10 ਨਮੂਨਿਆਂ ਨੂੰ ਸਾਰੇ 11 ਮਾਨਕਾਂ 'ਤੇ ਖਰਾ ਪਾਇਆ ਗਿਆ। ਜਦਕਿ ਹੋਰ ਸ਼ਹਿਰਾਂ ਦੇ ਪਾਣੀ ਦੇ ਨਮੂਨੇ ਇਕ ਜਾਂ ਇਕ ਤੋਂ ਜ਼ਿਆਦਾ ਮਾਨਕਾਂ 'ਤੇ ਖਰੇ ਨਹੀਂ ਉਤਰ ਸਕੇ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।