ਸੁਲਤਾਨਪੁਰ ਲੋਧੀ ਦੇ ਜ਼ਮੀਨ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਤੋਂ ਬਚਾਉਣ ਲਈ ਨਿਵੇਕਲੀ ਪਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4000 ਪਖਾਨਿਆਂ ਦਾ ਵੇਸਟ ਮੱਖੂ ਅਤੇ ਜ਼ੀਰਾ ਲਿਜਾ ਰਹੀਆਂ ਹਨ ਵਿਸ਼ੇਸ਼ ਗੱਡੀਆਂ

66 GPS enabled vehicles carrying the septage and sullage of all 4000 toilets unites to STPs

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਜ਼ਮੀਨ ਹੇਠਲੇ ਅਤੇ ਪਵਿੱਤਰ ਵੇਈਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ, ਜਿਸ ਤਹਿਤ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਥੇ ਆਉਣ ਵਾਲੀ ਸੰਗਤ ਵਾਸਤੇ 4000 ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਪਖਾਨਿਆਂ ਤੋਂ ਨਿਕਲਣ ਵਾਲੇ ਸੀਵਰੇਜ ਵੇਸਟ ਨੂੰ ਜ਼ਮੀਨ ਵਿਚ ਜਾਂ ਪਾਣੀ ਵਿਚ ਸੁੱਟਣ ਦੀ ਬਜਾਏ ਇਸ ਨੂੰ ਰੋਜ਼ਾਨਾ ਇਕੱਠਾ ਕਰ ਕੇ ਮੱਖੂ ਅਤੇ ਜ਼ੀਰਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਲਿਜਾਇਆ ਜਾ ਰਿਹਾ ਹੈ।

ਵਿਭਾਗ ਦੇ ਸੁਪਰੀਟੈਂਡਿੰਗ ਇੰਜੀਨੀਅਰ ਕੇ.ਕੇ. ਸੈਣੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਜੀਪੀਐਸ ਸਿਸਟਮ ਨਾਲ ਲੈਸ 66 ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਗੱਡੀਆਂ ਰੋਜ਼ਾਨਾ ਸਮੁੱਚੇ 4000 ਪਖਾਨਿਆਂ ਤੋਂ ਸੀਵਰੇਜ ਅਤੇ ਸਲਜ ਨੂੰ ਇਕੱਠਾ ਕਰ ਕੇ ਫਿਰੋਜ਼ਪੁਰ ਦੇ ਦੋਵੇਂ ਐਸ.ਟੀ.ਪੀ. ਵਿਚ ਲਿਜਾਂਦੀਆਂ ਹਨ, ਜਿਥੇ ਇਸ ਸੀਵਰੇਜ ਵੇਸਟ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਆਪਣੀਆਂ ਸਿੱਖਿਆਵਾਂ ਵਿਚ ਵਾਤਾਵਰਣ ਦੀ ਸੰਭਾਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਜਿਸ ਤਹਿਤ ਸੁਲਤਾਨਪੁਰ ਲੋਧੀ ਵਿਖੇ ਜ਼ਮੀਨ ਹੇਠਲੇ ਅਤੇ ਪਵਿੱਤਰ ਵੇਈਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਪਹਿਲ ਕੀਤੀ ਗਈ ਹੈ।

ਉਨ੍ਹਾਂ ਦਸਿਆ ਕਿ ਕਿਉਂਕਿ ਸੁਲਤਾਨਪੁਰ ਲੋਧੀ ਦੇ ਸੀਵਰੇਜ ਟਰੀਟਮੈਂਟ ਪਲਾਂਟ ਪਹਿਲਾਂ ਹੀ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ, ਇਸ ਲਈ ਇਥੇ ਆਰਜੀ ਤੌਰ 'ਤੇ ਬਣਾਏ ਗਏ ਸਮੁੱਚੇ 4000 ਪਖਾਨਿਆਂ ਦੇ ਹੇਠਾਂ ਮੈਟਲ ਅਤੇ ਪੀਵੀਸੀ ਦੇ ਕਨਟੇਨਰ ਲਗਾਏ ਗਏ ਹਨ। ਸਾਰਾ ਵੇਸਟ ਜ਼ਮੀਨ ਦੀ ਬਜਾਏ ਇਨ੍ਹਾਂ ਕਨਟੇਨਰਾਂ ਵਿਚ ਇਕੱਠਾ ਹੋ ਰਿਹਾ ਹੈ, ਜਿਨ੍ਹਾਂ ਨੂੰ ਰੋਜ਼ਾਨਾ 66 ਗੱਡੀਆਂ ਖਾਲੀ ਕਰ ਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਂਦੀਆਂ ਹਨ।

ਉਨ੍ਹਾਂ ਦਸਿਆ ਕਿ ਇਨ੍ਹਾਂ ਗੱਡੀਆਂ ਵਿਚ ਜੀਪੀਐਸ ਸਿਸਟਮ ਲਗਾਇਆ ਗਿਆ ਹੈ ਅਤੇ ਸੈਂਟਰਲ ਕੰਟਰੋਲ ਰੂਮ ਤੋਂ ਹਰੇਕ ਗੱਡੀ ਦੀ ਨਿਗਰਾਨੀ ਹੋ ਰਹੀ ਹੈ। ਸੀਵਰੇਜ ਵੇਸਟ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਜੀਪੀਐਸ ਸਿਸਟਮ ਨਾਲ ਲੈਸ ਇਨ੍ਹਾਂ ਗੱਡੀਆਂ ਦੀ ਮੋਨੀਟਰਿੰਗ ਹੋ ਰਹੀ ਹੈ। ਇਹ ਗੱਡੀਆਂ ਕਿੱਥੇ ਜਾ ਰਹੀਆਂ ਹਨ ਅਤੇ ਕਿੱਥੇ ਵੇਸਟ ਨੂੰ ਡੰਪ ਕਰਦੀਆਂ ਹਨ, ਸਭ ਕੁਝ ਜੀਪੀਐਸ ਸਿਸਟਮ ਰਾਹੀਂ ਦੇਖਿਆ ਜਾ ਰਿਹਾ ਹੈ।