ਕਲਯੁੱਗ ਦਾ ਕਹਿਰ: ਪੁੱਤਰ ਨੇ ਮਾਂ ਨਾਲ ਜਬਰ ਜਨਾਹ ਤੋਂ ਬਾਅਦ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

Photo

ਹਾਵੇਰੀ : ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕੁਲਯੁਗੀ ਪੁੱਤ ਨੇ ਕਥਿਤ ਤੌਰ 'ਤੇ ਅਪਣੀ ਮਾਂ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਤੋਂ ਬਾਅਦ ਉਸ ਨੇ ਅਪਣੀ ਮਾਂ ਦਾ ਕਤਲ ਕਰ ਦਿਤਾ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਸ਼ਿਵੱਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਰਨਾਟਕ ਦੀ ਹਾਵੇਰੀ ਪੁਲਿਸ ਨੇ ਕਿਹਾ ਹੈ ਕਿ 21 ਸਾਲਾ ਸ਼ਿਵੱਪਾ ਨੂੰ ਅਪਣੀ ਹੀ ਮਾਂ ਨਾਲ ਜਬਰ ਜਨਾਹ ਕਰਨ ਅਤੇ ਇਸ ਤੋਂ ਬਾਅਦ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਸ਼ਿਵੱਪਾ ਨੇ ਅਪਣੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ। ਵਨਹੱਲੀ ਪਿੰਡ ਦੇ ਰਹਿਣ ਵਾਲੇ ਸ਼ਿਵੱਪਾ ਤੋਂ ਪੁਲਿਸ ਪੁਛਗਿਛ ਜਾਰੀ ਹੈ।

ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਸ਼ਿਵੱਪਾ ਦੇ ਪਿਤਾ ਦੀ ਮੌਤ ਲਗਭਗ 2 ਸਾਲ ਪਹਿਲਾਂ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸ਼ਿਵੱਪਾ ਦੀ ਮਾਂ ਦੇ ਦੂਜੇ ਪੁਰਸ਼ ਨਾਲ ਸਬੰਧ ਬਣ ਗਏ ਸਨ। ਸ਼ਿਵੱਪਾ ਇਸ ਰਿਸ਼ਤੇ ਵਿਰੁਧ ਸੀ ਅਤੇ ਉਹ ਵਾਰ-ਵਾਰ ਅਪਣੀ ਮਾਂ ਨੂੰ ਇਸ ਵਿਰੁਧ ਚੇਤਾਵਨੀ ਦੇ ਰਿਹਾ ਸੀ।

ਪੁਲਿਸ ਅਨੁਸਾਰ 13 ਨਵੰਬਰ ਨੂੰ ਸ਼ਿਵੱਪਾ ਨੇ ਸ਼ਰਾਬ ਪੀਤੀ ਅਤੇ ਅਪਣੀ ਮਾਂ ਨੂੰ ਵੀ ਸ਼ਰਾਬ ਪਿਆਈ। ਇਸ ਤੋਂ ਬਾਅਦ ਉਸ ਨੇ ਅਪਣੀ ਮਾਂ ਨੂੰ ਇਕ ਰਿਸ਼ਤੇਦਾਰ ਕੋਲ ਲਿਜਾਣ ਦਾ ਬਹਾਨਾ ਬਣਾਇਆ। ਪੁਲਿਸ ਅਨੁਸਾਰ ਰਸਤੇ ਵਿਚ ਸ਼ਿਵੱਪਾ ਨੇ ਅਪਣੀ ਮਾਂ ਨਾਲ ਜਬਰ ਜਨਾਹ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ।

6 ਸਾਲਾ ਭੈਣ ਨਾਲ ਜਬਰ ਜਨਾਹ

ਮੋਤਿਹਾਰੀ : ਬਿਹਾਰ ਦੇ ਪੂਰਬੀ ਚੰਪਾਰਨ 'ਚ ਦਿਲ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਦੀ ਰਾਤ ਘਰ ਦੇ ਦਰਵਾਜ਼ੇ 'ਤੇ ਪਟਾਕੇ ਚਲਾ ਰਹੀ 6 ਸਾਲਾ ਮਾਸੂਮ ਨਾਲ ਉਸ ਦੇ ਚਚੇਰੇ ਭਰਾ ਨੇ ਜਬਰੀ ਚੁੱਕ ਕੇ ਪਹਿਲਾਂ ਜਬਰ ਜਨਾਹ ਕੀਤਾ ਅਤੇ ਮੁੜ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਸਰੀਰ ਦੇ ਕਈ ਟੁਕੜੇ ਕਰ ਦਿਤੇ।

ਰੂਹ ਨੂੰ ਕੰਬਾ ਦੇਣ ਵਾਲੀ ਇਹ ਘਟਨਾ ਪੀਪਰਾ ਥਾਣਾ ਦੇ ਭੇਰਖੀਆ ਪੰਚਾਇਤ ਦੇ ਅਮਵਾ ਪਿੰਡ ਦੀ ਹੈ। ਘਟਨਾ ਤੋਂ ਬਾਅਦ ਭਾਲ ਕਰਦੇ ਹੋਏ ਪਰਵਾਰ ਅਤੇ ਪਿੰਡ ਵਾਲਿਆਂ ਨੇ ਮਾਸੂਮ ਦੇ ਹੱਥ ਨਦੀ ਦੇ ਕਿਨਾਰੇ ਬਰਾਮਦ ਕੀਤੇ। ਪੀਪਰਾ ਥਾਣਾ ਪੁਲਿਸ ਦੇ ਸਹਿਯੋਗ ਨਾਲ ਮਾਸੂਮ ਦੇ ਸਰੀਰ ਦੇ ਹਿੱਸੇ ਖੇਤਾਂ 'ਚ ਬਰਾਮਦ ਕੀਤੇ। ਦੋਸ਼ੀ ਨੌਜਵਾਨ ਨੇ ਮਾਸੂਮ ਦੇ ਸਰੀਰ ਨੂੰ ਛੇ ਟੁਕੜਿਆਂ 'ਚ ਕੱਟ ਦਿਤਾ ਸੀ। 2 ਹੱਥ, 2 ਪੈਰ ਅਤੇ ਸਰੀਰ ਤੋਂ ਸਿਰ ਨੂੰ ਵੱਖ-ਵੱਖ ਕੱਟ ਕੇ ਖੇਤਾਂ ਅਤੇ ਨਦੀ ਦੇ ਪਾਣੀ 'ਚ ਸੁੱਟ ਦਿਤਾ ਸੀ।

ਜਾਣਕਾਰੀ ਅਨੁਸਾਰ ਅਮਵਾ ਪਿੰਡ ਵਾਸੀ ਬੰਗਾਲੀ ਸਹਿਨੀ ਦਾ ਭਤੀਜਾ ਨਸ਼ੇ ਦੀ ਹਾਲਤ 'ਚ ਸਾਈਕਲ ਮੰਗਣ ਪਹੁੰਚਿਆ ਸੀ। ਨਸ਼ੇ 'ਚ ਹੋਣ ਕਾਰਨ ਉਸ ਨੂੰ ਸਾਈਕਲ ਨਹੀਂ ਦਿਤੀ। ਇਸ ਵਿਚ ਨਸ਼ੇ ਦੀ ਹਾਲਤ 'ਚ ਦੋਸ਼ੀ ਨੇ ਘਰ ਦੇ ਬਾਹਰ ਪਟਾਕੇ ਚਲਾ ਰਹੀ 6 ਸਾਲਾ ਮੁਸਕਾਨ ਨੂੰ ਫੜ ਲਿਆ ਅਤੇ ਖੇਤ ਵਲ ਲੈ ਗਿਆ। ਉਥੇ ਉਸ ਨੇ ਮੁਸਕਾਨ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਟੁਕੜਿਆਂ 'ਚ ਕੱਟ ਦਿਤਾ। ਬਹੁਤ ਦੇਰ ਲੱਭਣ ਤੋਂ ਬਾਅਦ ਮੁਸਕਾਨ ਦੇ ਸਰੀਰ ਦੇ ਅੰਗਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਬਰਾਮਦ ਕੀਤਾ ਹੈ।