ਸੀ.ਬੀ.ਆਈ. ਵੱਲੋਂ ਮੇਹੁਲ ਚੋਕਸੀ ਖ਼ਿਲਾਫ਼ ਤਿੰਨ ਤਾਜ਼ਾ ਐਫ਼.ਆਈ.ਆਰ. ਦਰਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਕਾਇਤ 'ਚ ਦਰਜ ਹੈ 6,746 ਕਰੋੜ ਰੁਪਏ ਦੇ ਵਾਧੂ ਨੁਕਸਾਨ ਦਾ ਦੋਸ਼ 

Image

 

ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ 'ਤੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਵਿਰੁੱਧ ਤਿੰਨ ਤਾਜ਼ਾ ਐਫ.ਆਈ.ਆਰ. ਦਰਜ ਕੀਤੀਆਂ ਹਨ। ਆਪਣੀ ਸ਼ਿਕਾਇਤ 'ਚ ਬੈਂਕ ਨੇ ਆਪਣੇ ਅਤੇ ਹੋਰ ਬੈਂਕਾਂ ਦੇ ਸਮੂਹ ਨੂੰ 6,746 ਕਰੋੜ ਰੁਪਏ ਦਾ ਵਾਧੂ ਨੁਕਸਾਨ ਹੋਣ ਦਾ ਦੋਸ਼ ਲਗਾਇਆ ਹੈ।

ਪੰਜਾਬ ਨੈਸ਼ਨਲ ਬੈਂਕ ਨੇ ਚੋਕਸੀ ਦੇ ਦੇਸ਼ ਤੋਂ ਨਾਟਕੀ ਢੰਗ ਨਾਲ ਭੱਜਣ ਅਤੇ 2010 ਤੋਂ 2018 ਦਰਮਿਆਨ ਹੋਏ ਘੁਟਾਲੇ ਦਾ ਪਤਾ ਲਗਾਉਣ ਵਿੱਚ ਨਾਕਾਮ ਰਹਿਣ ਦੇ ਚਾਰ ਸਾਲ ਬਾਅਦ 21 ਮਾਰਚ ਨੂੰ ਸੀ.ਬੀ.ਆਈ. ਕੋਲ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਵਿੱਚ ਚੋਕਸੀ ਅਤੇ ਉਸ ਦੀਆਂ ਕੰਪਨੀਆਂ ਗੀਤਾਂਜਲੀ ਜੇਮਜ਼ ਲਿਮਿਟਿਡ, ਨਕਸ਼ਤ੍ਰ ਬ੍ਰੈਂਡਜ਼ ਲਿਮਿਟਿਡ, ਅਤੇ ਗਿਲੀ ਇੰਡੀਆ ਲਿਮਟਿਡ ਦੀ ਵਜ੍ਹਾ ਨਾਲ ਹੋਏ ਵਾਧੂ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਹੈ।

ਪੀ.ਐਨ.ਬੀ. ਅਤੇ ਸਮੂਹ ਦੇ ਹੋਰ ਮੈਂਬਰਾਂ ਨੇ ਇਨ੍ਹਾਂ ਕੰਪਨੀਆਂ ਨੂੰ ਕਰਜ਼ੇ ਦੀਆਂ ਸਹੂਲਤਾਂ ਦਿੱਤੀਆਂ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਭਾਰਤ ਤੋਂ ਭੱਜਣ ਤੋਂ ਬਾਅਦ ਐਂਟੀਗੁਆ ਅਤੇ ਬਾਰਬੁਡਾ ਵਿੱਚ ਸਥਿਤ ਚੋਕਸੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਪਹਿਲੀ ਐਫ.ਆਈ.ਆਰ. 2010 ਅਤੇ 2018 ਦੇ ਵਿਚਕਾਰ ਚੋਕਸੀ, ਉਸ ਦੀ ਕੰਪਨੀ ਗੀਤਾਂਜਲੀ ਜੇਮਜ਼ ਲਿਮਟਿਡ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਦੀ ਅਗਵਾਈ ਵਾਲੇ 28 ਬੈਂਕਾਂ ਦੇ ਇੱਕ ਸੰਘ ਨਾਲ 5,564.54 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ।

ਅਧਿਕਾਰੀਆਂ ਨੇ ਕਿਹਾ ਕਿ ਦੂਜੀ ਐਫ.ਆਈ.ਆਰ. ਚੋਕਸੀ, ਉਸ ਦੀ ਕੰਪਨੀ ਨਕਸ਼ਤ੍ਰ ਬ੍ਰਾਂਡਜ਼ ਲਿਮਟਿਡ ਅਤੇ ਹੋਰਾਂ ਦੁਆਰਾ ਪੀ.ਐਨ.ਬੀ. ਦੀ ਅਗਵਾਈ ਵਾਲੇ ਨੌਂ ਬੈਂਕਾਂ ਦੇ ਇੱਕ ਸਮੂਹ ਨਾਲ ਇਸੇ ਸਮੇਂ ਦੌਰਾਨ 807 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ।

ਉਨ੍ਹਾਂ ਕਿਹਾ ਕਿ ਤੀਜੀ ਐਫ.ਆਈ.ਆਰ. ਉਸੇ ਸਮੇਂ ਦੌਰਾਨ ਚੋਕਸੀ ਅਤੇ ਗਿਲੀ ਇੰਡੀਆ ਲਿਮਟਿਡ ਦੁਆਰਾ ਪੀ.ਐਨ.ਬੀ. ਨਾਲ ਕੀਤੀ ਗਈ 375 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ।