ਮੁੰਬਈ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕ ਦੀ ਮੌਤ, ਦੋ ਔਰਤਾਂ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਮਾਰਤ ਦੇ ਨੇੜੇ ਸੀ ਇੱਕ ਹਸਪਤਾਲ, ਮਰੀਜ਼ਾਂ ਨੂੰ ਭੇਜਿਆ ਗਿਆ ਦੂਜੀ ਥਾਂ 

Image

 

ਮੁੰਬਈ - ਮੁੰਬਈ ਦੇ ਉਪਨਗਰ ਘਾਟਕੋਪਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਹਸਪਤਾਲ ਨਾਲ ਜੁੜੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ 46 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। 

ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ, ਨਾਲ ਲੱਗਦੇ ਹਸਪਤਾਲ ਵਿੱਚ ਇਲਾਜ ਅਧੀਨ 22 ਮਰੀਜ਼ਾਂ ਨੂੰ ਸਾਵਧਾਨੀ ਵਜੋਂ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਇੱਕ ਅਧਿਕਾਰੀ ਨੇ ਦੱਸਿਆ ਕਿ ਘਾਟਕੋਪਰ ਪੂਰਬੀ ਖੇਤਰ ਵਿੱਚ ਛੇ ਮੰਜ਼ਿਲਾ 'ਵਿਸ਼ਵਾਸ' ਨਾਂਅ ਦੀ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਇੱਕ ਹੋਟਲ ਦੇ ਬਿਜਲੀ ਮੀਟਰ ਵਿੱਚ ਦੁਪਹਿਰ ਕਰੀਬ 2 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। 

ਉਨ੍ਹਾਂ ਕਿਹਾ, "ਅੱਗ ਵਿੱਚ ਫ਼ਸੇ ਤਿੰਨ ਲੋਕਾਂ ਨੂੰ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਚਾਇਆ ਅਤੇ ਨਗਰ ਨਿਗਮ ਦੁਆਰਾ ਚਲਾਏ ਜਾ ਰਹੇ ਰਾਜਾਵਾੜੀ ਹਸਪਤਾਲ ਵਿੱਚ ਲਿਜਾਇਆ ਗਿਆ।"

ਅਧਿਕਾਰੀ ਨੇ ਦੱਸਿਆ ਕਿ ਕੁਰੈਸ਼ੀ ਡੇਧੀਆ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਤਾਨੀਆ ਕਾਂਬਲੇ (18) ਅਤੇ ਕੁਲਸੂਮ ਸ਼ੇਖ (20) ਨੂੰ ਸੱਟਾਂ ਲੱਗੀਆਂ ਹਨ। ਅਧਿਕਾਰੀ ਨੇ ਕਿਹਾ, "ਸਾਵਧਾਨੀ ਵਜੋਂ, ਨੇੜਲੇ ਹਸਪਤਾਲ ਵਿੱਚ ਇਲਾਜ ਅਧੀਨ 22 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ।"