ਪੀ.ਜੀ.ਆਈ. ਐਮਰਜੈਂਸੀ ਦੀ ਭੀੜ ਘੱਟ ਕਰਨ ਲਈ ਯੋਜਨਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

96 ਘੰਟੇ ਤੋਂ ਬਾਅਦ ਜਾਂ ਵਾਰਡ 'ਚ ਭੇਜਿਆ ਜਾਵੇਗਾ, ਜਾਂ ਮਿਲੇਗੀ ਛੁੱਟੀ 

Image

 

ਚੰਡੀਗੜ੍ਹ - ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ (ਪੀ.ਜੀ.ਆਈ.) ਦੇ ਐਮਰਜੈਂਸੀ ਬਲਾਕ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ, ਸੰਸਥਾ ਨੇ ਮਰੀਜ਼ਾਂ ਦਾ ਐਮਰਜੈਂਸੀ ਖੇਤਰ ਵਿੱਚ ਰਹਿਣ ਦਾ ਸਮਾਂ 96 ਘੰਟੇ ਨਿਸ਼ਚਿਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਇਲਾਜ ਲਈ ਜਾਂ ਤਾਂ ਵਾਰਡਾਂ ਵਿੱਚ ਸ਼ਿਫਟ ਕੀਤਾ ਜਾਵੇਗਾ, ਜਾਂ ਛੁੱਟੀ ਦੇ ਦਿੱਤੀ ਜਾਵੇਗੀ।

200 ਬਿਸਤਰਿਆਂ ਵਾਲਾ ਐਡਵਾਂਸਡ ਟਰੌਮਾ ਸੈਂਟਰ ਅਤੇ ਐਮਰਜੈਂਸੀ ਵਾਰਡ ਦੋਵੇਂ ਭੀੜ ਨਾਲ ਨੱਕੋ-ਨੱਕ ਭਰੇ ਰਹਿੰਦੇ ਹਨ, ਕਿਉਂਕਿ ਸੰਸਥਾ 'ਚ ਰੋਜ਼ਾਨਾ 800 ਤੋਂ 1,000 ਮਰੀਜ਼ ਆਉਂਦੇ ਹਨ। 

ਹਰੇਕ ਮਰੀਜ਼ ਦੇ ਨਾਲ ਇੱਕ ਜਾਂ ਦੋ ਪਰਿਵਾਰਕ ਮੈਂਬਰ ਹੁੰਦੇ ਹਨ, ਜਿਨ੍ਹਾਂ ਕਰਕੇ ਇਕੱਠ 1,600 ਤੱਕ ਪਹੁੰਚ ਜਾਂਦਾ ਹੈ। ਲਗਭਗ ਇੱਕ ਸਾਲ ਦੇ ਅੰਦਰ, ਐਮਰਜੈਂਸੀ 'ਚ ਤਕਰੀਬਨ 39,996 ਮਰੀਜ਼ ਦਾਖਲ ਹੋਏ।

ਪੀ.ਜੀ.ਆਈ. ਦੇ ਇੱਕ ਅਧਿਕਾਰੀ ਦੇ ਅਨੁਸਾਰ: “ਐਮਰਜੈਂਸੀ ਹਾਲ (ਟ੍ਰਾਈਏਜ ਏਰੀਆ, ਹਾਲ ਏ, ਬੀ, ਸੀ ਅਤੇ ਐਲ (ਕੋਰੀਡੋਰ), ਮੈਡੀਕਲ ਐਮਰਜੈਂਸੀ ਆਊਟਪੇਸ਼ੇਂਟ ਡਿਪਾਰਟਮੈਂਟ (ਐਮ.ਈ.ਓ.ਪੀ.ਡੀ.), ਐਡਵਾਂਸਡ ਟਰੌਮਾ ਸੈਂਟਰ ਦੇ ਏ.ਟੀ.ਸੀ. ਓ.ਪੀ.ਡੀ. (ਟ੍ਰਾਈਏਜ ਏਰੀਆ, ਪੀਲਾ/ਹਰਾ ਖੇਤਰ, ਡਿਜ਼ਾਸਟਰ ਵਾਰਡ) ਹਾਰਟ ਕਮਾਂਡ ਅਤੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਐਮਰਜੈਂਸੀ ਖੇਤਰਾਂ ਦੀ ਭੀੜ ਘਟਾਉਣ ਲਈ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਮਰੀਜ਼ ਨੂੰ 96 ਘੰਟਿਆਂ ਤੋਂ ਵੱਧ ਇਨ੍ਹਾਂ ਖੇਤਰਾਂ ਵਿੱਚ ਨਾ ਰੱਖਿਆ ਜਾਵੇ, ਅਤੇ ਇਲਾਜ ਜਾਰੀ ਰੱਖਣ ਲਈ ਸੰਬੰਧਿਤ ਯੂਨਿਟਾਂ/ਵਾਰਡਾਂ/ਖੇਤਰਾਂ ਵਿੱਚ ਸ਼ਿਫਟ ਕੀਤਾ ਜਾਵੇ।”

ਫ਼ੈਸਲਾ ਕੀਤਾ ਗਿਆ ਹੈ ਕਿ ਮੁੱਖ ਐਮਰਜੈਂਸੀ, ਐਡਵਾਂਸਡ ਟਰੌਮਾ ਸੈਂਟਰ ਓ.ਪੀ.ਡੀ., ਐਡਵਾਂਸਡ ਪੀਡੀਆਟ੍ਰਿਕ ਸੈਂਟਰ ਐਮਰਜੈਂਸੀ ਅਤੇ ਹਾਰਟ ਕਮਾਂਡ ਵਿੱਚ ਤਾਇਨਾਤ ਇੰਚਾਰਜ ਸੰਬੰਧਿਤ ਵਿਭਾਗਾਂ ਜਾਂ ਯੂਨਿਟਾਂ ਅਧੀਨ ਮਰੀਜ਼ਾਂ ਦੀਆਂ ਦਾਖਲਾ ਫਾਈਲਾਂ ਤਿਆਰ ਕਰਨਗੇ, ਅਤੇ ਉਨ੍ਹਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਤਬਾਦਲਿਆਂ ਰਾਹੀਂ ਮਰੀਜ਼ ਨੂੰ 96 ਘੰਟਿਆਂ ਦੇ ਅੰਦਰ-ਅੰਦਰ ਸੰਬੰਧਿਤ ਯੂਨਿਟਾਂ, ਵਿਭਾਗਾਂ ਜਾਂ ਵਾਰਡਾਂ ਵਿੱਚ ਪਹੁੰਚਾਉਣ।

ਅਮਲੇ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਪੀ.ਜੀ.ਆਈ. ਵਿਖੇ ਲੋੜੀਂਦੀ ਤੀਸਰੀ-ਪੱਧਰ ਦੀ ਦੇਖਭਾਲ ਪ੍ਰਦਾਨ ਕਰਨ ਤੋਂ ਬਾਅਦ ਸਥਿਰ ਮਰੀਜ਼ਾਂ ਨੂੰ ਰੈਫ਼ਰ ਕਰਨ ਵਾਲੇ ਸੰਸਥਾਨ ਵਿੱਚ ਵਾਪਸ ਭੇਜਣ ਲਈ ਠੋਸ ਉਪਰਾਲੇ ਕੀਤੇ ਜਾਣ।

ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ  ਨੇ ਕਿਹਾ, "ਇਸ ਨਾਲ ਐਮਰਜੈਂਸੀ ਵਿੱਚ ਮਰੀਜ਼ਾਂ  ਦੀ ਵਾਰੀ ਆਉਣ ਦੇ ਸਮੇਂ ਵਿੱਚ ਸੁਧਾਰ ਹੋਵੇਗਾ, ਅਤੇ ਐਮਰਜੈਂਸੀ ਹਾਲ ਵਿੱਚ ਇਲਾਜ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਡੀਕ ਸਮਾਂ ਘੱਟ ਜਾਵੇਗਾ। ਜਾਂ ਤਾਂ ਇਲਾਜ ਅਧੀਨ ਮਰੀਜ਼ ਨੂੰ ਵਾਰਡ ਵਿੱਚ ਸ਼ਿਫਟ ਕੀਤਾ ਜਾਵੇਗਾ, ਜਾਂ ਛੁੱਟੀ ਦੇ ਦਿੱਤੀ ਜਾਵੇਗੀ।”