"ਦੋ ਪੇਸ਼ੇ ਬਿਲਕੁਲ ਸੁਤੰਤਰ ਹੋਣੇ ਚਾਹੀਦੇ ਹਨ, ਇੱਕ ਜੱਜ ਤੇ ਦੂਜਾ ਪੱਤਰਕਾਰ" - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ.ਐਨ. ਸ਼੍ਰੀਕ੍ਰਿਸ਼ਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਜੇਕਰ ਇਹਨਾਂ ਦੋਵਾਂ ਨੂੰ ਰੋਕਿਆ ਗਿਆ, ਤਾਂ ਲੋਕਤੰਤਰ ਦਾ ਨੁਕਸਾਨ ਹੋਵੇਗਾ 

Image

 

ਮੁੰਬਈ - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ.ਐਨ. ਸ਼੍ਰੀਕ੍ਰਿਸ਼ਨਾ ਨੇ ਦੇਸ਼ ਵਿੱਚ ਲੋਕਤੰਤਰ ਨੂੰ ਸੁਚਾਰੂ ਢੰਗ ਨਾਲ ਬਣਾਏ ਰੱਖਣ ਲਈ ਪੱਤਰਕਾਰਾਂ ਦੀ ਅਜ਼ਾਦੀ ਦੀ ਸੁਰੱਖਿਆ ਦਾ ਸੱਦਾ ਦਿੱਤਾ ਹੈ।

ਜਸਟਿਸ ਸ਼੍ਰੀਕ੍ਰਿਸ਼ਨਾ ਨੇ ਸ਼ੁੱਕਰਵਾਰ ਰਾਤ ਨੂੰ ਮੁੰਬਈ ਪ੍ਰੈੱਸ ਕਲੱਬ ਵੱਲੋਂ ਆਯੋਜਿਤ ਸਮਾਗਮ 'ਪੱਤਰਕਾਰਤਾ ਵਿੱਚ ਉੱਤਮਤਾ ਲਈ ਸਾਲਾਨਾ ਰੈਡਇੰਕ ਪੁਰਸਕਾਰ' ਦੀ ਵੰਡ ਤੋਂ ਬਾਅਦ ਇੱਕ ਸਮਾਗਮ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ, "ਦੋ ਪੇਸ਼ੇ ਨਿਸ਼ਚਿਤ ਰੂਪ 'ਚ ਸੁਤੰਤਰ ਹੋਣੇ ਚਾਹੀਦੇ ਹਨ, ਇੱਕ ਜੱਜ ਦਾ ਅਤੇ ਦੂਜਾ ਪੱਤਰਕਾਰ ਦਾ। ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਲੋਕਤੰਤਰ ਨੂੰ ਨੁਕਸਾਨ ਹੋਵੇਗਾ।"

ਜਸਟਿਸ ਸ਼੍ਰੀਕ੍ਰਿਸ਼ਨਾ ਨੇ ਕਿਹਾ, "ਜੇਕਰ ਕੋਈ ਪੱਤਰਕਾਰ ਆਪਣੀ ਅਜ਼ਾਦੀ ਗੁਆਉਂਦਾ ਹੈ, ਤਾਂ ਉਹ ਓਨਾ ਹੀ ਬੁਰਾ ਹੈ ਜਿੰਨਾ ਕਿ ਆਪਣੀ ਅਜ਼ਾਦੀ ਗੁਆ ਚੁੱਕਿਆ ਇੱਕ ਜੱਜ।"

1992-93 ਦੇ ਮੁੰਬਈ ਦੰਗਿਆਂ ਦੇ ਕਾਰਨਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਅਗਵਾਈ ਕਰਨ ਵਾਲੇ ਜਸਟਿਸ ਸ਼੍ਰੀਕ੍ਰਿਸ਼ਨਾ ਨੇ ਕਿਹਾ, "ਯਾਦ ਰੱਖੋ ਕਿ ਤੁਸੀਂ ਅਜਿਹੇ ਪੇਸ਼ੇ ਵਿੱਚ ਹੋ ਜਿੱਥੇ ਈਮਾਨਦਾਰੀ ਅਸਲ ਵਿੱਚ ਸਭ ਤੋਂ ਵੱਡੀ ਨੀਤੀ ਹੈ।"

ਸਮਾਗਮ ਵਿੱਚ ਸੀਨੀਅਰ ਪੱਤਰਕਾਰ ਟੀ.ਜੇ.ਐਸ. ਜਾਰਜ ਨੂੰ ਸੰਪਾਦਕ ਅਤੇ ਕਾਲਮਨਵੀਸ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਲਈ 'ਰੇਡਇੰਕ ਲਾਈਫ਼ਟਾਈਮ ਅਚੀਵਮੈਂਟ' ਪੁਰਸਕਾਰ ਦਿੱਤਾ ਗਿਆ। 1960 ਦੇ ਦਹਾਕੇ ਵਿੱਚ, ਜਾਰਜ (94) 'ਦ ਸਰਚਲਾਈਟ' ਦੇ ਪਟਨਾ ਹੈੱਡਕੁਆਰਟਰ ਦੇ ਸੰਪਾਦਕ ਸੀ।

2021 ਵਾਸਤੇ ਪ੍ਰੈੱਸ ਕਲੱਬ ਦਾ 'ਜਰਨਲਿਸਟ ਆਫ਼ ਦ ਈਅਰ' ਪੁਰਸਕਾਰ 'ਦੈਨਿਕ ਭਾਸਕਰ' ਦੇ ਰਾਸ਼ਟਰੀ ਸੰਪਾਦਕ ਓਮ ਗੌਰ ਨੂੰ ਪੱਤਰਕਾਰਾਂ ਅਤੇ ਫ਼ੋਟੋਗ੍ਰਾਫ਼ਰਾਂ ਦੀ ਇੱਕ ਟੀਮ ਦੀ ਅਗਵਾਈ ਕਰਨ ਲਈ ਦਿੱਤਾ ਗਿਆ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਕਸਬਿਆਂ ਅਤੇ ਸ਼ਹਿਰਾਂ ਅਤੇ ਗੰਗਾ ਨਦੀ ਦੇ ਨਾਲ ਲੱਗਦੇ ਸ਼ਹਿਰਾਂ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਤ੍ਰਾਸਦੀ ਨੂੰ ਉਜਾਗਰ ਕੀਤਾ ਸੀ। 

ਇਸ ਮੌਕੇ ਬੋਲਦਿਆਂ ਗੌਰ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਵੱਲੋਂ ਇਹ ਪੁਰਸਕਾਰ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਨੇ ਇਸ ਕਵਰੇਜ ਨੂੰ ਸੰਭਵ ਬਣਾਇਆ।

ਦੱਖਣੀ ਮੁੰਬਈ ਦੇ ਐੱਨ.ਸੀ.ਪੀ.ਏ. ਆਡੀਟੋਰੀਅਮ ਵਿਖੇ 12 ਸ਼੍ਰੇਣੀਆਂ ਵਿੱਚ 24 ਹੋਰ ਜੇਤੂਆਂ ਨੂੰ ਵੀ ਪੁਰਸਕਾਰ ਦਿੱਤੇ ਗਏ।