ਭਾਰਤ-ਚੀਨ ਵਿਸ਼ੇਸ਼ ਪ੍ਰਤੀਨਿਧੀ ਵਾਰਤਾ ’ਚ ਹਿੱਸਾ ਲੈਣ ਲਈ ਬੀਜਿੰਗ ਪੁੱਜੇ ਡੋਭਾਲ, ਬੈਠਕ ਭਲਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਲਈ ਕਈ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ

Ajit Doval with China Foreign Minister Wang Yi

ਬੀਜਿੰਗ : ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਭਾਲ ਅੱਜ ਬੁਧਵਾਰ ਨੂੰ ਹੋਣ ਵਾਲੀ ਭਾਰਤ-ਚੀਨ ਵਿਸ਼ੇਸ਼ ਪ੍ਰਤੀਨਿਧੀ (ਐਸ.ਆਰ.) ਵਾਰਤਾ ਵਿਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਬੀਜਿੰਗ ਪਹੁੰਚੇ। ਇਸ ਵਾਰਤਾ ਦਾ ਉਦੇਸ਼ ਪੂਰਬੀ ਲੱਦਾਖ ਵਿਚ ਫ਼ੌਜੀ ਰੁਕਾਵਟ ਕਾਰਨ 4 ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਭਾਵਤ ਹੋਏ ਦੁਵੱਲੇ ਸਬੰਧਾਂ ਨੂੰ ਬਹਾਲ ਕਰਨਾ ਹੈ। ਡੋਭਾਲ ਅਪਣੇ ਚੀਨੀ ਹਮਰੁਤਬਾ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਸ਼ੇਸ਼ ਪ੍ਰਤੀਨਿਧੀਆਂ (ਐਸ.ਆਰ.) ਦੀ 23ਵੇਂ ਦੌਰ ਦੀ ਵਾਰਤਾ ਕਰਨਗੇ।

ਇਸ ਦੌਰਾਨ ਪੂਰਬੀ ਲੱਦਾਖ ਤੋਂ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ 21 ਅਕਤੂਬਰ ਨੂੰ ਹੋਏ ਸਮਝੌਤੇ ਤੋਂ ਬਾਅਦ ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਲਈ ਕਈ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਇਸ ਮਹੱਤਵਪੂਰਨ ਗੱਲਬਾਤ ਤੋਂ ਪਹਿਲਾਂ ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ 24 ਅਕਤੂਬਰ ਨੂੰ ਬ੍ਰਿਕਸ ਸੰਮੇਲਨ ਤੋਂ ਇਲਾਵਾ ਰੂਸ ਦੇ ਕਜ਼ਾਨ ’ਚ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬੈਠਕ ਦੌਰਾਨ ਬਣੀ ਆਮ ਸਹਿਮਤੀ ’ਤੇ ਅਧਾਰਤ ਵਚਨਬੱਧਤਾਵਾਂ ਦਾ ਸਨਮਾਨ ਕਰਨ ਲਈ ਤਿਆਰ ਹੈ। 

ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲਿਨ ਜਿਆਨ ਨੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਵਿਸ਼ੇਸ਼ ਪ੍ਰਤੀਨਿਧੀ ਵਾਰਤਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਚੀਨ ਦੋਵਾਂ ਨੇਤਾਵਾਂ (ਮੋਦੀ ਅਤੇ ਸ਼ੀ ਜਿਨਪਿੰਗ) ਦਰਮਿਆਨ ਬਣੀ ਅਹਿਮ ਸਹਿਮਤੀ ਨੂੰ ਸਾਕਾਰ ਕਰਨ, ਗੱਲਬਾਤ ਅਤੇ ਸੰਚਾਰ ਰਾਹੀਂ ਆਪਸੀ ਵਿਸ਼ਵਾਸ ਅਤੇ ਭਰੋਸਾ ਵਧਾਉਣ, ਅਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਅਤੇ ਟਿਕਾਊ ਵਿਕਾਸ ਵਲ ਲਿਜਾਣ ਦੇ ਉਦੇਸ਼ ਨਾਲ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।