ਜੇਕਰ ਮੈਂ ਐਨਡੀਏ ਸਰਕਾਰ 'ਚ ਵਿੱਤ ਮੰਤਰੀ ਹੁੰਦਾ ਤਾਂ ਅਸਤੀਫਾ ਦੇ ਦਿੰਦਾ : ਪੀ. ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਿਦੰਬਰਮ ਨੇ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਅਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੀ ਸੱਭ ਤੋਂ ਵੱਧ ਵਿਕਾਸ ਦਰ ਯੂਪੀਏ ਸਰਕਾਰ ਦੇ ਕਾਰਜਕਾਲ ਵਿਚ ਰਹੀ ਹੈ।

P Chidambaram

ਨਵੀਂ ਦਿੱਲੀ : ਕਾਂਗਰਸ ਨੇਤਾ ਪੀ.ਚਿਦੰਬਰਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਕਿਸ ਦਿਸ਼ਾ ਵੱਲ ਜਾ ਰਹੀ ਹੈ ਅਤੇ ਮੌਜੂਦਾ ਵਿੱਤਮੰਤਰੀ ਦੀ ਕੰਮਕਾਜੀ ਪ੍ਰਣਾਲੀ ਕਿਹੋ ਜਿਹੀ ਹੈ। ਲੋਕਸਭਾ ਚੋਣਾਂ ਹੋਣ ਤੱਕ ਭਾਵ ਕਿ ਸਿਰਫ 60 ਦਿਨਾਂ ਵਿਚ ਸਰਕਾਰ ਅਜਿਹਾ ਕੀ ਕਰ ਦੇਵੇਗੀ ਕਿ ਜਿਸ ਨਾਲ ਅਰਥਵਿਵਸਥਾ ਸਹੀ ਹੋ ਜਾਵੇ। ਗੱਲਬਾਤ ਦੌਰਾਨ ਜੇਤਲੀ ਸਬੰਧੀ ਪੁਛੇ ਗਏ ਸਵਾਲ ਦੌਰਾਨ ਉਹਨਾਂ ਜਵਾਬ ਦਿਤਾ ਕਿ ਜੇਕਰ ਮੈਂ ਐਨਡੀਏ ਸਰਕਾਰ ਵਿਚ ਵਿੱਤ ਮੰਤਰੀ ਹੁੰਦਾ ਤਾਂ ਅਸਤੀਫਾ ਦੇ ਦਿੰਦਾ।

ਮੋਦੀ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਨੋਟਬੰਦੀ ਅਤੇ ਜੀਐਸਟੀ ਵਰਗੇ ਫ਼ੈਸਲੇ ਲੋਕਾਂ ਲਈ ਕਿਸੇ ਆਫ਼ਤ ਨਾਲੋਂ ਘੱਟ ਨਹੀਂ ਸਨ। ਚਿਦੰਬਰਮ ਨੇ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਅਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੀ ਸੱਭ ਤੋਂ ਵੱਧ ਵਿਕਾਸ ਦਰ ਯੂਪੀਏ ਸਰਕਾਰ ਦੇ ਕਾਰਜਕਾਲ ਵਿਚ ਰਹੀ ਹੈ। ਮੋਦੀ ਸਰਕਾਰ ਵਿਚ ਤਾਂ ਅਰਥਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਸਰਕਾਰ ਝੂਠ ਬੋਲਣ 'ਤੇ ਲਗੀ ਹੋਈ ਹੈ। ਅਰਥਵਿਵਸਥਾ ਨੂੰ ਜਦ ਸਾਢੇ ਚਾਰ ਸਾਲਾਂ ਵਿਚ ਸਹੀ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ ਬਾਕੀ ਬਚੇ 60 ਦਿਨਾਂ ਵਿਚ ਕੀ ਕਰ ਲਵੇਗੀ।

ਕਾਂਗਰਸ ਪਾਰਟੀ ਅਪਣੇ ਮੈਨੀਫੈਸਟੋ ਵਿਚ ਦੇਸ਼ ਦੀ ਅਰਥਵਿਵਸਥਾ ਤੋਂ ਲੈ ਕੇ ਦੂਜੇ ਸਾਰੇ ਖੇਤਰਾਂ ਵਿਚ ਵਿਕਾਸ ਕਿਸ ਤਰ੍ਹਾਂ ਹੋਵੇਗਾ ਅਤੇ ਕੋਈ ਯੋਜਨਾ ਕਦੋਂ ਤੱਕ ਪੂਰੀ ਹੋਵੇਗੀ, ਇਹਨਾਂ ਸਾਰੀਆਂ ਗੱਲਾਂ ਨੂੰ ਸ਼ਾਮਲ ਕਰ  ਰਹੀ ਹੈ। ਰਾਫੇਲ ਮੁੱਦੇ 'ਤੇ ਸਾਂਝੀ ਸੰਸਦੀ ਕਮੇਟੀ ਬਣਾਉਣ 'ਤੇ ਚਿਦੰਬਰਮ ਨੇ ਕਿਹਾ ਕਿ ਜੇਪੀਸੀ ਬਣਾਉਣ ਵੱਲ ਸਰਕਾਰ ਨੇ ਕਦੇ ਧਿਆਨ ਨਹੀਂ ਦਿਤਾ।

ਪਿਛਲੇ ਸੈਸ਼ਨ ਦੌਰਾਨ ਵੀ ਜੇਪੀਸੀ ਬਣਾਈ ਜਾ ਸਕਦੀ ਸੀ। ਇਹ ਵੀ ਹੋ ਸਕਦਾ ਸੀ ਕਿ ਰਾਫੇਲ ਮਾਮਲੇ ਦੀ ਜਾਂਚ ਦੇ ਲਈ ਬਣਾਈ ਗਈ ਜੇਪੀਸੀ ਮਾਰਚ ਤੱਕ ਅਪਣੀ ਰੀਪੋਰਟ ਦੇ ਦਿੰਦੀ। ਰਾਫੇਲ ਨੂੰ ਲੈ ਕੇ ਸਰਕਾਰ ਨੂੰ ਡਰ ਲਗਿਆ ਰਹਿੰਦਾ ਹੈ।