ਕਿਉਂ ਬੰਦ ਹੋਇਆ ਰਾਮ ਰਹੀਮ ਦਾ ਟਵਿੱਟਰ ਅਕਾਊਂਟ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੀਆਂ ਮਾੜੀਆ ਕਰਤੂਤਾਂ ਸਦਕਾ ਅਰਸ਼ਾਂ ਤੋਂ ਫਰਸ਼ 'ਤੇ ਡਿਗਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਉਸ ਦੇ 37 ਲੱਖ ਤੋਂ...

Ram Rahim

ਨਵੀਂ ਦਿੱਲੀ : ਅਪਣੀਆਂ ਮਾੜੀਆ ਕਰਤੂਤਾਂ ਸਦਕਾ ਅਰਸ਼ਾਂ ਤੋਂ ਫਰਸ਼ 'ਤੇ ਡਿਗਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਉਸ ਦੇ 37 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਸਨ। ਪਰ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿਚ 20 ਸਾਲ ਦੀ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਕਾਨੂੰਨੀ ਕਾਰਨਾਂ ਕਰਕੇ ਬੰਦ ਕਰ ਦਿਤਾ ਗਿਆ। ਟਵਿੱਟਰ 'ਤੇ ਭਾਵੇਂ ਰਾਮ ਰਹੀਮ ਦੇ 37 ਲੱਖ ਤੋਂ ਵੀ ਜ਼ਿਆਦਾ ਫ਼ਾਲੋਅਰਜ਼ ਸਨ ਪਰ ਖ਼ਾਸ ਗੱਲ ਇਹ ਹੈ ਕਿ ਰਾਮ ਰਹੀਮ ਖ਼ੁਦ ਕਿਸੇ ਨੂੰ ਵੀ ਫਾਲੋ ਨਹੀਂ ਕਰਦਾ ਸੀ।

ਡੇਰਾ ਸਿਰਸਾ ਦੇ ਲਗਭਗ 5 ਕਰੋੜ ਪ੍ਰੇਮੀ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਰਿਹਾ ਹੈ। ਇੰਨੇ ਪੈਰੋਕਾਰ ਹੋਣ ਕਰਕੇ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਰਾਮ ਰਹੀਮ ਜਿਹੜੀ ਪਾਰਟੀ ਵੱਲ ਇਸ਼ਾਰਾ ਕਰਦਾ ਸੀ, ਉਸੇ ਪਾਰਟੀ ਨੂੰ ਡੇਰਾ ਸਮਰਥਕਾਂ ਦੀ ਵੋਟ ਜਾਂਦੀ ਸੀ। ਇਸ ਕੰਮ ਦੇ ਲਈ ਰਾਮ ਰਹੀਮ ਦੀ ਬਕਾਇਦਾ ਇਕ ਸਿਆਸੀ ਵਿੰਗ ਬਣਾਈ ਹੋਈ ਸੀ। ਜਿਸ ਦੇ ਇਸ਼ਾਰੇ 'ਤੇ ਕਈ ਸੂਬਿਆਂ ਦੇ ਮੰਤਰੀ ਅਤੇ ਰਸੂਖ਼ਦਾਰ ਲੀਡਰ ਬਾਬੇ ਦੇ ਦਰਬਾਰ ਵਿਚ ਸਿਰ ਝੁਕਾਉਂਦੇ ਸਨ। ਵੱਡਾ ਵੋਟ ਬੈਂਕ ਹੋਣ ਕਰਕੇ ਹੀ ਬਾਦਲ ਪਰਿਵਾਰ ਸਮੇਤ ਪੰਜਾਬ ਦੇ ਹੋਰ ਕਈ ਲੀਡਰਾਂ ਦੀਆਂ ਤਸਵੀਰਾਂ ਰਾਮ ਰਹੀਮ ਨਾਲ ਸਾਹਮਣੇ ਆ ਚੁੱਕੀਆਂ ਹਨ।

ਰਾਮ ਰਹੀਮ ਦੀ ਗਿਣਤੀ ਉਨ੍ਹਾਂ ਕੁੱਝ ਗਿਣੇ ਚੁਣੇ ਬਾਬਿਆਂ ਵਿਚ ਹੁੰਦੀ ਸੀ ਜਿਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਸੀ। ਇਕੱਲੇ ਸਿਰਸਾ ਵਿਚ ਹੀ ਰਾਮ ਰਹੀਮ ਦਾ ਸਾਮਰਾਜ ਲਗਭਗ 700 ਏਕੜ ਵਿਚ ਫੈਲਿਆ ਹੋਇਆ ਸੀ। ਜਿਸ 'ਤੇ ਹੁਣ ਸਰਕਾਰ ਦਾ ਕਬਜ਼ਾ ਹੈ। ਦਸ ਦਈਏ ਕਿ ਸਾਲ 2007 ਵਿਚ ਰਾਮ ਰਹੀਮ ਉਸ ਸਮੇਂ ਕਾਫ਼ੀ ਵਿਵਾਦਾਂ ਵਿਚ ਘਿਰ ਗਿਆ ਸੀ ਜਦੋਂ ਉਸ ਨੇ ਇਕ ਇਸ਼ਤਿਹਾਰ ਵਿਚ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਸੁਆਂਗ ਰਚਾਇਆ ਸੀ। ਬਸ ਉਦੋਂ ਤੋਂ ਰਾਮ ਰਹੀਮ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਨ।

 ਹੁਣ ਉਹ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਸਾਰੀ ਉਮਰ ਲਈ ਜੇਲ੍ਹ ਵਿਚ ਸੜੇਗਾ ਭਾਵੇਂ ਕਿ ਰਾਮ ਰਹੀਮ ਦਾ ਟਵਿੱਟਰ ਅਕਾਊਂਟ ਕਾਨੂੰਨੀ ਕਾਰਨਾਂ ਕਰਕੇ ਬੰਦ ਹੋ ਚੁੱਕਾ ਹੈ ਪਰ ਉਸ ਦੇ ਕੁੱਝ ਪੈਰੋਕਾਰ ਹੁਣ  ਫੇਸਬੁੱਕ 'ਤੇ ਅਜੇ ਵੀ ਉਸ ਨੂੰ ਅਪਣਾ ਰੱਬ ਦੱਸ ਰਹੇ ਹਨ।