ਵਿਚਾਲੇ ਹੀ ਰੋਕੀ ਗਈ ਕੱਥਕ ਡਾਂਸਰ ਦੀ ਕੱਵਾਲੀ 'ਤੇ 'ਪਰਫਾਰਮੈਂਸ'

ਏਜੰਸੀ

ਖ਼ਬਰਾਂ, ਰਾਸ਼ਟਰੀ

'ਕਿਹਾ ਗਿਆ ਕਿ ਇਥੇ ਕੱਵਾਲੀ ਨਹੀਂ ਚੱਲੇਗੀ'

File

ਲਖਨਊ- ਸੂਬਾ ਸਰਕਾਰ ਵਲੋਂ ਲਖਨਊ 'ਚ ਆਯੋਜਿਤ ਸਰਕਾਰੀ ਪ੍ਰੋਗਰਾਮ 'ਚ ਕੱਵਾਲੀ 'ਤੇ ਹੋਣ ਵਾਲੀ ਮੰਜਰੀ ਚਤੁਰਵੇਦੀ ਦੀ ਪਰਫਾਰਮੈਂਸ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ। ਦੋਸ਼ ਹੈ ਕਿ ਜਦੋਂ ਉਹ ਕੱਵਾਲੀ 'ਤੇ ਪਰਫਾਰਮ ਕਰ ਰਹੀ ਸੀ ਤਾਂ ਸਰਕਾਰੀ ਅਧਿਕਾਰੀ ਆਏ ਅਤੇ ਉਪਰੋਕਤ ਪ੍ਰੋਗਰਾਮ ਬੰਦ ਕਰਨ ਲਈ ਕਿਹਾ। ਇਸ 'ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।

ਮੰਜਰੀ ਚਤੁਰਵੇਦੀ ਨੇ ਕਿਹਾ ਕਿ ਉਸ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਵਲੋਂ ਹੀ ਪਰਫਾਰਮੈਂਸ ਲਈ ਸੱਦਾ ਦਿੱਤਾ ਗਿਆ ਸੀ। ਸਰਕਾਰ ਵਲੋਂ ਪਰਫਾਰਮੈਂਸ ਲਈ 45 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪਰ ਵਿਚਾਲੇ ਹੀ ਮਿਊਜ਼ਿਕ ਨੂੰ ਬੰਦ ਕਰ ਦਿੱਤਾ ਗਿਆ। ਮੈਨੂੰ ਲੱਗਾ ਕਿ ਕੋਈ ਤਕਨੀਕੀ ਨੁਕਸ ਪੈ ਗਿਆ ਹੋਵੇਗਾ ਪਰ ਅਗਲੀ ਪਰਫਾਰਮੈਂਸ ਲਈ ਅਨਾਊਂਸਮੈਂਟ ਕਰ ਦਿੱਤੀ ਗਈ। ਮੰਜਰੀ ਨੇ ਕਿਹਾ ਕਿ ਜਦੋਂ ਮੈਂ ਇਸ ਬਾਰੇ ਪੁੱਛਿਆ ਤਾਂ ਮੈਨੂੰ ਕਿਹਾ ਗਿਆ ਕਿ ਇਥੇ ਕੱਵਾਲੀ ਨਹੀਂ ਚੱਲੇਗੀ।

ਹਾਲਾਂਕਿ ਜਦੋਂ ਇਸ ਵਿਵਾਦ 'ਤੇ ਰਾਜ ਸਰਕਾਰ ਤੋਂ ਸਵਾਲ ਪੁੱਛਿਆ ਗਿਆ ਤਾਂ ਯੂ.ਪੀ. ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਜਰੀ ਚਤੁਰਵੇਦੀ ਦੇ 2 ਪਰਫਾਰਮੈਂਸ ਹੋ ਗਏ ਸਨ ਅਤੇ ਤੀਜਾ ਹੋਣ ਹੀ ਵਾਲਾ ਸੀ ਪਰ ਪ੍ਰੋਗਰਾਮ ਕਾਫੀ ਲੇਟ ਚੱਲ ਰਿਹਾ ਸੀ। ਆਯੋਜਕਾਂ ਅਨੁਸਾਰ, ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਆਉਣ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਮੌਕਾ ਦੇਣਾ ਚਾਹੁੰਦੇ ਸੀ, ਕਿਉਂਕਿ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਸਿੱਧੇ ਡਿਨਰ ਦਾ ਪ੍ਰੋਗਰਾਮ ਸੀ। 

ਇਸ ਲਈ ਆਯੋਜਕ ਅਤੇ ਪਰਫਾਰਮਰ 'ਚ ਕੁਝ ਵਿਵਾਦ ਹੋਇਆ ਸੀ। ਵਿਵਾਦ 'ਤੇ ਆਯੋਜਕਾਂ ਨੇ ਕਿਹਾ ਕਿ ਮੰਜਰੀ ਚਤੁਰਵੇਦੀ ਦੇ ਪਰਫਾਰਮੈਂਸ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਉਨ੍ਹਾਂ ਦੇ ਪ੍ਰੋਗਰਾਮ ਨੂੰ ਵਿਚਾਲੇ ਇਸ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਸਮੇਂ ਦੀ ਕਮੀ ਸੀ, ਇਸ 'ਚ ਕਿਸੇ ਤਰ੍ਹਾਂ ਦਾ ਧਾਰਮਿਕ ਮੁੱਦਾ ਨਹੀਂ ਹੈ। ਦੱਸਣਯੋਗ ਹੈ ਕਿ ਮੰਜਰੀ ਚਤੁਰਵੇਦੀ ਮਸ਼ਹੂਰ ਸੂਫੀ-ਕਥੱਕ ਡਾਂਸਰ ਹੈ, ਉਹ ਲਖਨਊ ਘਰਾਨੇ ਨਾਲ ਤਾਲੁਕ ਰੱਖਦੀ ਹੈ।