ਸਰਕਾਰੀ ਦਫ਼ਤਰ ਪਹੁੰਚੇ ਸ਼ਖ਼ਸ ਨੂੰ ਪਿਆ ਦਿਲ ਦਾ ਦੌਰਾ, IAS ਅਧਿਕਾਰੀ ਨੇ CPR ਦੇ ਕੇ ਬਚਾਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਊਸਿੰਗ ਬੋਰਡ 'ਚ ਪੇਸ਼ੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਜਨਕ ਕੁਮਾਰ ਦੀ ਵਿਗੜੀ ਸੀ ਸਿਹਤ

IAS yashpal Garg giving CPR to a man

IAS  ਨੇ ਵੀਡੀਓ ਤੋਂ ਸਿੱਖੀ ਸੀ CPR ਦੇਣ ਦੀ ਪ੍ਰਕਿਰਿਆ 

ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਅੱਜ ਇੱਕ ਸ਼ਖ਼ਸ ਦੀ ਜਾਨ ਬਚਾਈ। ਇਸ ਮਾਮਲੇ ਵਿੱਚ ਸੈਕਟਰ 41-ਏ ਦੇ ਜਨਕ ਕੁਮਾਰ ਇੱਕ ਪੇਸ਼ੀ ਦੇ ਸਬੰਧ ਵਿੱਚ ਸਵੇਰੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਪੁੱਜੇ ਸਨ। ਇੱਥੇ ਸਕੱਤਰ ਦੇ ਚੈਂਬਰ ਵਿੱਚ ਸੁਣਵਾਈ ਦੌਰਾਨ ਉਹ ਡਿੱਗ ਗਏ।

ਇਸ 'ਤੇ ਉਨ੍ਹਾਂ ਨੂੰ ਤੁਰੰਤ ਕੁਰਸੀ 'ਤੇ ਬਿਠਾਇਆ ਗਿਆ। ਇਸ ਤੋਂ ਬਾਅਦ ਆਈ.ਏ.ਐਸ. ਯਸ਼ਪਾਲ ਗਰਗ ਨੇ ਉਸ ਨੂੰ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (ਸੀ.ਪੀ.ਆਰ.) ਦਿੱਤੀ। ਕਰੀਬ 1 ਮਿੰਟ ਦੀ ਸੀਪੀਆਰ ਦੀ ਪ੍ਰਕਿਰਿਆ ਤੋਂ ਬਾਅਦ ਜਨਕ ਕੁਮਾਰ ਦੀ ਸਿਹਤ ਠੀਕ ਹੋ ਗਈ ਅਤੇ ਉਸ ਨੂੰ ਪਾਣੀ ਪਿਲਾਇਆ ਗਿਆ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਗੱਡੀ ਵਿਚ ਸੈਕਟਰ 16 ਜੀ.ਐਮ.ਐਸ.ਐਚ. ਲਿਜਾਇਆ ਗਿਆ।

ਸਾਲ 2008 ਬੈਚ ਦੇ ਆਈ.ਏ.ਐਸ. ਯਸ਼ਪਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜਾਂ ਦੋ ਵਾਰ ਟੀਵੀ ਉੱਤੇ ਇੱਕ ਡਾਕਟਰ ਦੀ ਸੀਪੀਆਰ ਦੇਣ ਦੀ ਵੀਡੀਓ ਦੇਖੀ ਹੈ। ਅੱਜ ਸੈਕਟਰੀ ਦੇ ਚੈਂਬਰ ਵਿੱਚ ਪੇਸ਼ੀ ਦੌਰਾਨ ਜਦੋਂ ਇਹ ਵਿਅਕਤੀ ਅਚਾਨਕ ਡਿੱਗ ਗਿਆ ਤਾਂ  ਮੁਲਾਜ਼ਮਾਂ ਨੇ ਉਸ ਦੇ ਦਫ਼ਤਰ ਆ ਕੇ ਇਸ ਦੀ ਸੂਚਨਾ ਦਿੱਤੀ। ਇਸ ਲਈ ਉਸ ਨੇ ਉੱਥੇ ਜਾ ਕੇ ਬੇਹੋਸ਼ ਵਿਅਕਤੀ ਨੂੰ ਸੀ.ਪੀ.ਆਰ. ਦਿਤੀ ਅਤੇ ਉਨ੍ਹਾਂ ਦੀ ਜਾਨ ਬਚ ਗਈ।

ਆਈ.ਏ.ਐਸ. ਦੇ ਇਸ ਵੀਡੀਓ ਨੂੰ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਸ਼ੇਅਰ ਕੀਤਾ ਹੈ ਅਤੇ ਉਨ੍ਹਾਂ ਦੀ ਰੱਜ ਕੇ ਤਾਰੀਫ ਵੀ ਕੀਤੀ। ਮਾਲੀਵਾਲ ਨੇ ਲਿਖਿਆ ਕਿ ਸੀ.ਪੀ.ਆਰ. ਦੇ ਕੇ ਇੱਕ ਆਈ.ਏ.ਐਸ. ਅਧਿਕਾਰੀ ਨੇ ਇੱਕ ਸ਼ਖਸ ਦੀ ਜਾਨ ਬਚਾਈ ਹੈ। ਸਾਨੂੰ ਸਾਰਿਆਂ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ 'ਤੇ ਅਸੀਂ ਕਿਸੇ ਦੀ ਮਦਦ ਕਰ ਸਕੀਏ।