Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਮੰਗਲਵਾਰ ਤਕ ਟਲੀ; ਹਾਈ ਕੋਰਟ ਵਿਚ 23 ਜਨਵਰੀ ਨੂੰ ਹੋਵੇਗੀ ਸੁਣਵਾਈ
ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ’ਚ ਕਿਹਾ, ‘6 ਫਰਵਰੀ ਨੂੰ ਕਰਵਾਈ ਜਾ ਸਕਦੀ ਹੈ ਚੋਣ’
Chandigarh Mayor Election:ਚੰਡੀਗੜ੍ਹ ਮੇਅਰ ਦੀ ਚੋਣ ਹੁਣ ਮੰਗਲਵਾਰ ਤਕ ਟਲ ਗਈ ਹੈ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਮੰਗ ਵਾਲੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 23 ਜਨਵਰੀ ਨੂੰ ਸੁਣਵਾਈ ਕਰੇਗਾ। ਇਹ ਚੋਣ ਵੀਰਵਾਰ ਨੂੰ ਹੋਣੀ ਸੀ ਪਰ ਪ੍ਰੀਜ਼ਾਈਡਿੰਗ ਅਫਸਰ ਦੀ ਸਿਹਤ ਖ਼ਰਾਬ ਹੋਣ ਕਾਰਨ ਇਹ ਚੋਣ ਨਹੀਂ ਹੋ ਸਕੀ।
ਚੋਣਾਂ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ਨੂੰ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ 6 ਫਰਵਰੀ ਨੂੰ ਕਰਵਾਈ ਜਾ ਸਕਦੀ ਹੈ। ਇਸ ਦੌਰਾਨ ਹਾਈ ਕੋਰਟ ਨੇ ਪੁੱਛਿਆ ਸੀ ਕਿ ਚੋਣ ਕੱਲ੍ਹ ਕਿਉਂ ਨਾ ਹੋਵੇ। ਚੰਡੀਗੜ੍ਹ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿਤਾ ਹੈ। ਇਸ ਸਬੰਧੀ ਏ.ਜੀ. ਨੇ ਕਿਹਾ ਕਿ 6 ਫਰਵਰੀ ਨੂੰ ਚੋਣ ਅੱਖਾਂ ’ਚ ਘੱਟਾ ਪਾਉਣ ਦੀ ਗੱਲ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਹੈ ਸਮੀਕਰਨ
ਦੱਸ ਦੇਈਏ ਕਿ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਵਿਚ ਕਾਂਗਰਸ ਨੇ ਜਸਵੀਰ ਬੰਟੀ ਨੂੰ ਉਮੀਦਵਾਰ ਬਣਾਇਆ ਸੀ। ਇਸ ਤੋਂ ਬਾਅਦ ਕਾਂਗਰਸ-ਆਪ ਗਠਜੋੜ ਹੋ ਗਿਆ ਅਤੇ ਮੇਅਰ ਦੀ ਸੀਟ 'ਆਪ' ਦੇ ਕੋਟੇ 'ਚ ਚਲੀ ਗਈ। ਇਸ ਤੋਂ ਬਾਅਦ ਬੰਟੀ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣੀ ਪਈ ਪਰ ਭਾਜਪਾ ਇਸ ਦਾ ਵਿਰੋਧ ਕਰਨ 'ਤੇ ਅੜੀ ਹੋਈ ਹੈ। ਚੰਡੀਗੜ੍ਹ ਨਗਰ ਨਿਗਮ ਵਿਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਵੋਟ ਵੀ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ।
ਗਠਜੋੜ ਤੋਂ ਬਾਅਦ 'ਆਪ'-ਕਾਂਗਰਸ ਕੋਲ 20 ਵੋਟਾਂ ਹਨ। ਜਦਕਿ ਭਾਜਪਾ ਕੋਲ 14 ਕੌਂਸਲਰਾਂ ਅਤੇ 1 ਸੰਸਦ ਮੈਂਬਰ ਦੀ ਵੋਟ ਹੈ। ਪਿਛਲੇ ਦੋ ਸਾਲਾਂ ਤੋਂ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਮੇਅਰ ਸਨ, ਕਿਉਂਕਿ ਉਦੋਂ ਕਾਂਗਰਸ ਨੇ ਚੋਣਾਂ ਵਿਚ ਹਿੱਸਾ ਨਹੀਂ ਲਿਆ ਸੀ ਪਰ ਇਸ ਵਾਰ ਗਠਜੋੜ ਨੇ ਭਾਜਪਾ ਦੀ ਸਾਰੀ ਖੇਡ ਵਿਗਾੜ ਦਿਤੀ ਹੈ। ਗਠਜੋੜ ਕਾਰਨ ਕਾਂਗਰਸ ਅਤੇ ‘ਆਪ’ ਦੀਆਂ ਵੋਟਾਂ ਭਾਜਪਾ ਨਾਲੋਂ ਵੱਧ ਹਨ।
(For more Punjabi news apart from Chandigarh Mayor Election postponed, stay tuned to Rozana Spokesman)