ਪੰਜਾਬ ਦੀ ਧੀ ਨੇ ਕੈਨੇਡਾ 'ਚ ਮਾਰੀਆਂ ਮੱਲਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਕੇ ਸੱਤ ਸਮੁੰਦਰ ਪਾਰ ਗਏ ਪੰਜਾਬੀ ਉੱਥੇ ਵੀ ਆਪਣੀ ਸਫਲਤਾ ਦੇ ਝੰਡੇ ਗੱਡ ਰਹੇ ਹਨ

file photo

ਫਰੀਦਕੋਟ: ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਕੇ ਸੱਤ ਸਮੁੰਦਰ ਪਾਰ ਗਏ ਪੰਜਾਬੀ ਉੱਥੇ ਵੀ ਆਪਣੀ ਸਫਲਤਾ ਦੇ ਝੰਡੇ ਗੱਡ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੀ ਬੇਟੀ ਪੁਨੀਤ ਚਾਵਲਾ ਨੇ ਦਿੱਤੀ ਹੈ ਜਿਸਨੇ ਕੈਨੇਡਾ ਦੀ ਅਮਰਡ ਫੋਰਸ  ਦੇ ਸਾਰੇ ਟੈਸਟ ਪਾਸ ਕਰਕੇ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ।

ਪੁਨੀਤ ਚਾਵਲਾ ਕੈਨੇਡੀਅਨ ਫੋਰਸਿਜ਼ ਵਿਚ ਮਹੱਤਵਪੂਰਣ ਅਹੁਦਾ ਸੰਭਾਲਣ ਵਾਲੀ ਪਹਿਲੀ ਪੰਜਾਬੀ ਔਰਤ ਹੈ। ਇਸ ਨਾਲ ਫਰੀਦਕੋਟ ਦੇ ਚਾਵਲਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗੀ ਹੈ। ਪੁਨੀਤ ਚਾਵਲਾ ਦੇ ਪਿਤਾ ਰਾਜੇਸ਼ ਚਾਵਲਾ ਅਤੇ ਮਾਤਾ ਹਰਦੀਪ ਚਾਵਲਾ ਨੇ ਦੱਸਿਆ ਕਿ ਉਹਨਾਂ ਦਾ  ਪਰਿਵਾਰ 22 ਸਾਲ ਪਹਿਲਾਂ ਜਦੋਂ ਪੁਨੀਤ ਇੱਕ ਸਾਲ ਦੀ ਸੀ ਉਦੋਂ ਫਰੀਦਕੋਟ (ਪੰਜਾਬ) ਛੱਡ ਕੇ ਕੈਲਗਰੀ, ਕੈਨੇਡਾ ਵਿੱਚ ਵਸ ਗਿਆ ਸੀ।

ਉਹਨਾਂ ਦੱਸਿਆ ਕਿ ਪੁਨੀਤ  ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡੀਅਨ ਫੋਰਸ ਵਿੱਚ ਭਰਤੀ ਹੋਵੇ, ਇਸ ਲਈ ਉਸਨੇ ਬਹੁਤ ਸਖ਼ਤ ਮਿਹਨਤ ਕੀਤੀ। ਉਹਨਾਂ ਦੱਸਿਆ ਕਿ ਪੜ੍ਹਾਈ ਕਰਨ ਅਤੇ ਟੈਸਟ ਦੀ ਤਿਆਰੀ ਦੇ ਨਾਲ ਪੁਨੀਤ ਨੇ ਸਰੀਰਕ ਤੌਰ 'ਤੇ ਵੀ ਬਹੁਤ ਸਖ਼ਤ ਮਿਹਨਤ ਕੀਤੀ । ਹੁਣ ਉਸਨੇ ਅਮਰਡ ਫੋਰਸ ਵਿਚ ਆਪਣੀ ਡਿਊਟੀ ਸੰਭਾਲ ਲਈ ਹੈ।

ਉਸਦੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਨੂੰ ਵੇਖਦਿਆਂ ਹੁਣ ਕਨੇਡਾ ਦੀ ਅਮਰਡ ਫੋਰਸ ਦੇ ਅਫ਼ਸਰਾਂ ਨੇ ਉਸ ਨੂੰ ਖੁਫੀਆ  ਫੋਰਸ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਚਾਵਲਾ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਬੇਟੀ ਦੀ ਪ੍ਰਾਪਤੀ ‘ਤੇ ਮਾਣ ਹੈ। ਉਹਨਾਂ ਦੱਸਿਆ ਕਿ ਪਰਿਵਾਰ ਨੂੰ  ਕੈਨੇਡਾ ਵਿੱਚ ਵੀ ਵਧਾਈਆਂ ਮਿਲ ਰਹੀਆਂ ਹਨ।