ਨਮਸਤੇ ਟਰੰਪ ਦੇ ਪੋਸਟਰਾਂ ਨਾਲ ਰੰਗੀਆਂ ਗੁਜਰਾਤ ਦੀਆਂ ਦੀਵਾਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੰਪ ਦੇ ਸਵਾਗਤ ਲਈ ਤਿਆਰ ਹੈ ਭਾਰਤ

Photo

ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਦੇ ਅਹਿਮਦਾਬਾਦ ਪਹੁੰਚਣ ਤੋਂ ਪਹਿਲਾਂ ਸਵਾਗਤ ਅਤੇ ਸੁਰੱਖਿਆ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਚੱਲ਼ ਰਹੀਆਂ ਹਨ। ਸੁਰੱਖਿਆ ਨੂੰ ਲੈ ਕੇ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਦੌਰਾਨ ਅਹਿਮਦਾਬਾਦ ਦੀਆਂ ਸੜਕਾਂ ਨਮਸਤੇ ਟਰੰਪ ਪੋਸਟਰ ਅਤੇ ਪੇਂਟਿੰਗ ਨਾਲ ਲਿੱਪੀਆਂ ਹੋਈਆਂ ਹਨ।

ਵੱਡੇ-ਵੱਡੇ ਬੈਨਰਾਂ ਤੋਂ ਇਲਾਵਾ ਦੀਵਾਰਾਂ ਨੂੰ ਅਮਰੀਕਾ ਭਾਰਤ ਅਤੇ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਦੀ ਪੇਂਟਿੰਗ ਨਾਲ ਰੰਗ ਦਿੱਤਾ ਗਿਆ ਹੈ। ਟਰੰਪ ਦੇ ਆਉਣ ਨੂੰ ਲੈ ਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਦੌਰਾਨ ਸੋਮਵਾਰ ਨੂੰ ਅਮਰੀਕੀ ਏਅਰਫੋਰਸ ਦੇ ਹਰਕੂਲਸ ਜਹਾਜ਼ ਨਾਲ 200 ਅਮਰੀਕੀ ਸੁਰੱਖਿਆ ਕਰਮੀ ਅਤੇ ਸਨਾਈਪਰ ਅਹਿਮਦਾਬਾਦ ਪਹੁੰਚ ਗਏ ਹਨ।

ਇਸ ਜਹਾਜ਼ ਵਿਚ ਟਰੰਪ ਦੀ ਸੁਰੱਖਿਆ ‘ਚ ਰਹਿਣ ਵਾਲੇ ਸਾਰੇ ਵਾਹਨ ਸ਼ਾਮਲ ਸਨ। ਅਮਰੀਕੀ ਹਵਾਈ ਫੌਜ ਦੇ ਹਰਕੂਲਸ ਜਹਾਜ਼ ਦੀਆਂ ਗੱਡੀਆਂ, ਫਾਇਰ ਸੇਫਟੀ ਸਿਸਟਮ ਅਤੇ ਸਪਾਈ ਕੈਮਰੇ ਆਦਿ ਚੀਜ਼ਾਂ ਸ਼ਾਮਲ ਹਨ। ਟਰੰਪ 24-25 ਫਰਵਰੀ ਨੂੰ ਭਾਰਤ ਰਹਿਣਗੇ। ਮੀਡੀਆ ਰਿਪੋਰਟ ਮੁਤਾਬਕ ਟਰੰਪ ਦੀ ਸੁਰੱਖਿਆ ਵਿਚ 200 ਅਮਰੀਕੀ ਸੁਰੱਖਿਆ ਕਰਮਚਾਰੀ ਵਿਵਸਥਾ ਸੰਭਾਲਣਗੇ।

ਅਮਰੀਕੀ ਜਵਾਨਾਂ ਨੇ ਸਟੇਡੀਅਮ ਤੋਂ ਪਹਿਲਾਂ ਹੀ ਅਪਣਾ ਕੰਟਰੋਲ ਰੂਮ ਬਣਾ ਲਿਆ ਹੈ। ਇਸੇ ਤਰ੍ਹਾਂ ਭਾਰਤ ਦੀ ਸੁਰੱਖਿਆ ਏਜੰਸੀ ਐਸਪੀਜੀ ਅਤੇ ਗੁਜਰਾਤ ਪੁਲਿਸ ਨੇ ਵੀ ਸਟੇਡੀਅਮ ਦੇ ਅੰਦਰ ਹੀ ਅਪਣਾ ਵੱਖਰਾ ਕੰਟਰੋਲ ਰੂਮ ਬਣਾਇਆ ਹੈ।

ਦੌਰੇ ਦੇ ਮੱਦੇਨਜ਼ਰ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਵੀ ਨਿਰਦੇਸ਼ ਦਿੱਤੇ ਜਾਣਗੇ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਅਹਿਮਦਾਬਾਦ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਤਿੰਨ ਘੰਟੇ ਤੱਕ ਬੰਦ ਰੱਖਿਆ ਜਾਵੇ। ਰੋਡ ਸ਼ੋਅ ਤੋਂ ਪਹਿਲਾਂ ਪੁਰੀ ਰੋਡ ਨੂੰ ਬੰਬ ਦਸਤੇ ਦੀ ਟੀਮ ਵੱਲੋਂ ਸਕੈਨ ਵੀ ਕੀਤਾ ਜਾਵੇਗਾ।