ਸਵਾਮੀ ਜੀ ਦੇ ਔਰਤਾਂ ਲਈ 'ਪ੍ਰਵਚਨ' : ਮਾਹਵਾਰੀ ਦੌਰਾਨ ਖਾਣਾ ਬਣਾਉਣ ਦੇ ਦੱਸੇ 'ਨਫ਼ੇ-ਨੁਕਸਾਨ'!
ਖਾਣਾ ਬਣਾਉਣ ਵਾਲੀਆਂ ਔਰਤਾਂ ਬਣਨਗੀਆਂ ਕੁੱਤੀਆਂ ਜਦਕਿ ਮਰਦ ਬਣਨਗੇ ਬਲਦ
ਅਹਿਮਦਾਬਾਦ : ਗੁਜਰਾਤ ਦੇ ਧਾਰਮਕ ਆਗੂ ਨੇ ਕਿਹਾ ਹੈ ਕਿ ਮਾਹਵਾਰੀ ਦੌਰਾਨ ਪਤੀਆਂ ਲਈ ਖਾਣਾ ਬਣਾਉਣ ਵਾਲੀਆ ਔਰਤਾਂ ਅਗਲੇ ਜੀਵਨ ਵਿਚ 'ਕੁੱਤੀਆਂ' ਵਜੋਂ ਜਨਮ ਲੈਣਗੀਆ ਜਦਕਿ ਉਨ੍ਹਾਂ ਦੇ ਹੱਥ ਦਾ ਬਣਿਆ ਭੋਜਨ ਖਾਣ ਵਾਲੇ ਮਰਦ ਬਲਦ ਵਜੋਂ ਪੈਦਾ ਹੋਣਗੇ। ਸਵਾਮੀਨਾਰਾਇਣ ਮੰਦਰ ਨਾਲ ਜੁੜੇ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਨੇ ਕਥਿਤ ਤੌਰ 'ਤੇ ਇਹ ਟਿਪਣੀ ਕੀਤੀ ਹੈ।
ਇਹ ਮੰਦਰ ਭੁਜ ਦੇ ਸ੍ਰੀ ਸਹਿਜਾਨੰਦ ਗਰਲਜ਼ ਇੰਸਟੀਚਿਊਟ (ਐਸਐਸਜੀਆਈ) ਨਾਮ ਦੇ ਉਸ ਕਾਲਜ ਨੂੰ ਚਲਾਉਂਦਾ ਹੈ ਜਿਸ ਦੀ ਪ੍ਰਿੰਸੀਪਲ ਅਤੇ ਹੋਰ ਮਹਿਲਾ ਸਟਾਫ਼ ਨੇ ਇਹ ਵੇਖਣ ਲਈ 60 ਤੋਂ ਵੱਧ ਕੁੜੀਆਂ ਨੂੰ ਕਥਿਤ ਤੌਰ 'ਤੇ ਅੰਦਰਲੇ ਕਪੜੇ ਲਾਹੁਣ ਲਈ ਮਜਬੂਰ ਕੀਤਾ ਸੀ ਕਿ ਕਿਤੇ ਉਨ੍ਹਾਂ ਨੂੰ ਮਾਹਵਾਰੀ ਤਾਂ ਨਹੀਂ ਹੋ ਰਹੀ।
ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕੁੜੀਆਂ ਨੇ ਹੋਸਟਲ ਦਾ ਨਿਯਮ ਤੋੜਿਆ ਸੀ ਜਿਸ ਵਿਚ ਮਾਸਕ ਧਰਮ ਸਮੇਂ ਕੁੜੀਆਂ ਦੇ ਹੋਰ ਲੋਕਾਂ ਨਾਲ ਖਾਣਾ ਖਾਣ ਦੀ ਮਨਾਹੀ ਹੈ। ਕਾਲਜ ਦੀ ਪ੍ਰਿੰਸੀਪਲ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਵਾਮੀ ਦੀ ਵਿਵਾਦਤ ਟਿਪਣੀ ਨਾਲ ਸਬੰਧਤ ਵੀਡੀਉ ਸੋਸ਼ਲ ਮੀਡੀਆ ਵਿਚ ਚੱਲ ਰਹੀ ਹੈ ਜਿਸ ਵਿਚ ਉਹ ਗੁਜਰਾਤੀ ਵਿਚ ਬੋਲ ਰਹੇ ਹਨ।
ਉਨ੍ਹਾਂ ਕਿਹਾ, 'ਇਹ ਪੱਕਾ ਹੈ ਕਿ ਜੇ ਮਰਦ ਮਾਸਕ ਧਰਮ ਦੇ ਚੱਕਰ ਵਿਚੋਂ ਲੰਘ ਰਹੀਆਂ ਔਰਤਾਂ ਦੇ ਹੱਥ ਦਾ ਬਣਿਆ ਖਾਣਾ ਖਾਂਦੇ ਹਨ ਤਾਂ ਅਗਲੇ ਜਨਮ ਵਿਚ ਬਲਦ ਬਣਨਗੇ।' ਸਵਾਮੀ ਨੇ ਕਿਹਾ, 'ਜੇ ਤੁਹਾਨੂੰ ਮੇਰੇ ਵਿਚਾਰ ਪਸੰਦ ਨਹੀਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਇਹ ਸੱਭ ਕੁੱਝ ਸਾਡੇ ਸ਼ਾਸਤਰਾਂ ਵਿਚ ਲਿਖਿਆ ਹੈ।'
ਵੀਡੀਉ ਵਿਚ ਉਹ ਇਹ ਕਹਿੰਦੇ ਸੁਣਾਈ ਦਿੰਦੇ ਹਨ, 'ਔਰਤਾਂ ਨੂੰ ਪਤਾ ਨਹੀਂ ਹੁੰਦਾ ਕਿ ਮਾਸਕ ਧਰਮ ਦਾ ਸਮਾਂ ਤਪੱਸਿਆ ਕਰਨ ਜਿਹਾ ਹੁੰਦਾ ਹੈ ਹਾਲਾਂਕਿ ਮੈਂ ਇਹ ਸਾਰੀਆਂ ਚੀਜ਼ਾਂ ਦਸਣਾ ਨਹੀਂ ਚਾਹੁੰਦਾ ਪਰ ਮੈਂ ਤੁਹਾਨੂੰ ਚੌਕਸ ਕਰਨਾ ਚਾਹੁੰਦਾ ਹਾਂ। ਮਰਦਾਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ।' ਵੀਡੀਉ ਕਲਿਪ ਦੇ ਸਮੇਂ ਅਤੇ ਥਾਂ ਦਾ ਪਤਾ ਨਹੀਂ ਲੱਗਾ ਪਰ ਇਹ ਵੀਡੀਉ ਮੰਦਰ ਦੇ ਯੂਟਿਊਬ ਚੈਨਲ 'ਤੇ ਉਪਲਭਧ ਹੈ।