ਬਾਹਰ ਰਹਿੰਦੇ ਲੋਕਾਂ ਨੂੰ ਡਾਕ ਰਾਹੀਂ ਵੋਟ ਦੇਣ ਦੀ ਸਹੂਲਤ ਦੇਣ ਸਬੰਧੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਆ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ ਪਟੀਸ਼ਨ ‘ਤੇ ਜਵਾਬ ਮੰਗਿਆ

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਪਣੇ ਚੋਣ ਹਲਕਿਆਂ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਪੋਸਟਲ ਬੈਲਟਾਂ ਰਾਹੀਂ ਵੋਟਾਂ ਪਾਉਣ ਦੀ ਬੇਨਤੀ ਕਰ ਵਾਲੀ ਪਟੀਸ਼ਨ ਉੱਤੇ ਵੀਰਵਾਰ ਨੂੰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਾਨੂੰਨ ਅਤੇ ਨਿਆ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ ਪਟੀਸ਼ਨ ‘ਤੇ ਅਪਣਾ ਜਵਾਬ ਮੰਗਿਆ ਹੈ।

ਜਸਟਿਸ ਬੋਬਡੇ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਰਾਮਸੂਬ੍ਰਾਮਣਿਅਮ ਦੇ ਬੈਂਚ ਨੇ ਕਿਹਾ ਕਿ ਇਹ ਪਟੀਸ਼ਨ ਕੀ ਹੈ? ਕੀ ਤੁਸੀਂ ਇੰਗਲੈਂਡ ਵਿਚ ਬੈਠ ਕੇ ਤੁਸੀਂ ਇਥੇ ਵੋਟ ਪਾਉਗੇ? ਜੇ ਤੁਸੀਂ ਅਪਣੇ ਹਲਕੇ ਵਿਚ ਨਹੀਂ ਜਾਣਾ ਚਾਹੁੰਦੇ, ਤਾਂ ਕਾਨੂੰਨ ਤੁਹਾਡੀ ਮਦਦ ਕਿਉਂ ਕਰੇ? ਸੁਪਰੀਮ ਕੋਰਟ ਨੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸੰਸਦ ਅਤੇ ਸਰਕਾਰ ਨੂੰ ਵੋਟ ਪਾਉਣ ਲਈ ਥਾਂ  ਦਾ ਫ਼ੈਸਲਾ ਕਰਨ ਦਾ ਅਧਿਕਾਰ ਹੈ ਜਾਂ ਨਹੀਂ।

ਪਟੀਸ਼ਨਕਰਤਾ ਵਲੋਂ ਪੇਸ਼ ਹੋਏ ਕਾਲੀਸ਼ਵਰਮ ਰਾਜ ਨੇ ਅਦਾਲਤ ਨੂੰ ਦਸਿਆ ਕਿ ਡਾਕ ਬੈਲਟ ਦਾ ਸਿਸਟਮ ਪਹਿਲਾਂ ਹੀ ਮੌਜੂਦ ਹੈ ਪਰ ਸਿਰਫ਼ ਕੁੱਝ ਕੁ ਲੋਕਾਂ ਨੂੰ ਹੀ ਇਹ ਸਹੂਲਤ ਮਿਲੀ ਹੈ।

ਐੱਸ ਸੱਤਿਆਨ ਦੀ ਪਟੀਸ਼ਨ ’ਤੇ ਅਦਾਲਤ ਸੁਣਵਾਈ ਕਰ ਰਹੀ ਸੀ। ਅਰਜ਼ੀ ਵਿਚ ਵਿਦਿਆਰਥੀਆਂ, ਪਰਵਾਸੀ ਭਾਰਤੀਆਂ ਅਤੇ ਅਪਣੇ ਹਲਕਿਆਂ ਤੋਂ ਬਾਹਰ ਦੇ ਲੋਕਾਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਦੇਣ ਦੀ ਅਪੀਲ ਕੀਤੀ ਗਈ ਹੈ। ਜਨਹਿਤ ਪਟੀਸ਼ਨ ਵਿਚ ਇਹ ਬੇਨਤੀ ਕੀਤੀ ਗਈ ਹੈ ਕਿ ਹਲਕੇ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਵੀ ਡਾਕ ਵੋਟ ਜਾਂ ਇਲੈਕਟ੍ਰੋਨਿਕ ਤਰੀਕੇ ਨਾਲ ਵੋਟਾਂ ਪਾਉਣ ਦੀ ਸਹੂਲਤ ਦਿਤੀ ਜਾਵੇ।