​ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਨੇ ਵਿਜੇ ਇੰਦਰ ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਜੇ ਇੰਦਰ ਸਿੰਗਲਾ ਨੂੰ ਪੰਜਾਬ ਵਿਚ ਅਗਲੀ ਪੀੜ੍ਹੀ ਦਾ ਹਿੰਦੂ ਕਾਂਗਰਸੀ ਆਗੂ ਮੰਨਿਆ ਜਾਂਦਾ

Vijay Inder Singla

ਨਵੀਂ ਦਿੱਲੀ- ਪੰਜਾਬ ਦੇ ਲੋਕ ਨਿਰਮਾਣ ਵਿਭਾਗ (PWD) ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ ਪਹਿਲਾਂ ਸੰਗਰੂਰ ਤੋਂ ਐੱਮਪੀ ਵੀ ਰਹੇ ਹਨ। ਉਨ੍ਹਾਂ ਨੂੰ ਪੰਜਾਬ ਵਿਚ ਅਗਲੀ ਪੀੜ੍ਹੀ ਦਾ ਹਿੰਦੂ ਕਾਂਗਰਸੀ ਆਗੂ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਥਾਪੜਾ ਹਾਸਲ ਹੈ। 47 ਸਾਲਾ ਕੰਪਿਊਟਰ ਇੰਜੀਨੀਅਰਿੰਗ ਗ੍ਰੈਜੂਏਟ ਸ੍ਰੀ ਸਿੰਗਲਾ ਨੇ ਇੰਡੀਅਨ ਯੂਥ ਕਾਂਗਰਸ ਦੇ ਮੈਂਬਰ ਵਜੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੂੰ ‘ਪੰਜਾਬ ਊਰਜਾ ਵਿਕਾਸ ਅਥਾਰਟੀ’ (PEDA) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਪਿਛਲੇ ਵਰ੍ਹੇ ਅਪ੍ਰੈਲ ’ਚ ਸ੍ਰੀ ਵਿਜੇ ਇੰਦਰ ਸਿੰਗਲਾ ਨੂੰ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਬਾਣੀਆ ਭਾਈਚਾਰੇ ਨਾਲ ਸਬੰਧਤ ਹਨ ਤੇ ਉਨ੍ਹਾਂ ਨੂੰ ਖ਼ਬਰਾਂ ਵਿਚ ਬਣੇ ਰਹਿਣ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ।

ਉਹ ਕਦੇ ਕਿਸੇ ਵਿਵਾਦ ਵਿਚ ਵੀ ਨਹੀਂ ਫਸੇ। ਉਨ੍ਹਾਂ ਨੂੰ ਇੱਕ ‘ਹੋਣਹਾਰ ਮੰਤਰੀ’ ਮੰਨਿਆ ਜਾਂਦਾ ਹੈ। ਉਹ ਇਸ ਵੇਲੇ ਵਿਭਾਗ ਵਿਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਵਿਚ ਲੱਗੇ ਹੋਏ ਹਨ। ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪਿੰਡਾਂ ਦੀਆਂ ਸੜਕਾਂ ਮਜ਼ਬੂਤ ਕੀਤੀਆਂ ਜਾਣਗੀਆਂ ਤੇ ਹਰੇਕ ਪਿੰਡ ਨੂੰ ਜਾਣ ਵਾਲੀ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 10 ਫ਼ੁੱਟ ਤੋਂ ਚੌੜੀ ਕਰ ਕੇ 18 ਫ਼ੁੱਟ ਕੀਤੀ ਜਾਵੇਗੀ।

ਨਵੀਂਆਂ ਸੜਕਾਂ ਤੋਂ ਟੋਲ–ਟੈਕਸ ਇਕੱਠਾ ਕਰਨ ਦਾ ਸਿਸਟਮ ਝੰਜਟ–ਮੁਕਤ ਬਣਾਇਆ ਜਾਵੇਗਾ ਤੇ ਪੁਰਾਣੀਆਂ ਸੜਕਾਂ ਤੋਂ ਟੋਲ–ਪਲਾਜ਼ਾ ਹਟਾਏ ਜਾਣਗੇ। ਸ੍ਰੀ ਵਿਜੇ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਸੂਬੇ, ਖ਼ਾਸ ਕਰਕੇ ਪਿੰਡਾਂ ਦੀਆਂ ਸੜਕਾਂ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ। ਸੜਕਾਂ ਦੀ ਮੁਰੰਮਤ ਸਮੁੱਚੇ ਸੁਬੇ ਵਿਚ ਸ਼ੁਰੂ ਹੋ ਚੁੱਕੀ ਹੈ। ਆਵਾਜਾਈ ਨੂੰ ਹਰ ਪੱਧਰ ਉੱਤੇ ਝੰਜਟ–ਮੁਕਤ ਬਣਾਇਆ ਜਾਵੇਗਾ।