ਹਾਸਿਆਂ ਨੂੰ ਵੀ ਲੱਗਿਆ ਕੋਰੋਨਾਵਾਇਰਸ ਦਾ ਗ੍ਰਹਿਣ, ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਕਰਨੀ ਪਈ ਰੱਦ!

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਿਲਮਾਂ ਤੋਂ ਇਲਾਵਾ ਟੀਵੀ ਸ਼ੋਆਂ 'ਤੇ ਦੀ ਸ਼ੂਟਿੰਗਾਂ ਵੀ ਹੋਈਆਂ ਕੈਂਸਲ

file photo

ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਦੁਨੀਆਂ ਦੇ ਕੋਨੇ-ਕੋਨੇ 'ਚ ਦਸਤਕ ਚੁੱਕਾ ਹੈ। ਹਾਲਤ ਅਜਿਹੀ ਬਣਦੀ ਜਾ ਰਹੀ ਹੈ ਕਿ ਜਿਹੜੇ ਖਿੱਤੇ ਇਸ ਦੀ ਪਹੁੰਚ ਤੋਂ ਅਜੇ ਦੂਰ ਹਨ, ਉਥੇ ਵੀ ਇਸ ਦੀ ਖੌਫ਼ ਦਾ ਸ਼ਾਇਆ ਪਹੁੰਚ ਚੁੱਕਾ ਹੈ। ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਨੇ ਇਸ ਖੌਫ਼ ਨੂੰ ਹੋਰ ਵੀ ਵਿਆਪਕ ਰੂਪ ਦੇ ਦਿਤਾ ਹੈ। ਇਹੀ ਕਾਰਨ ਹੈ ਕਿ ਹੁਣ ਇਸ ਦਾ ਅਸਰ ਲੋਕਾਂ ਦੀਆਂ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ 'ਤੇ ਵੀ ਪ੍ਰਤੱਖ ਦਿਖਾਈ ਦੇ ਰਿਹਾ ਹੈ।

ਇਸ ਦਾ ਅਸਰ ਹੁਣ ਫ਼ਿਕਰਾ ਮਾਰੀ ਲੋਕਾਈ ਨੂੰ ਬੇਫਿਕਰੀ ਦਾ ਅਹਿਸਾਸ ਕਰਵਾਉਣ ਵਾਲੇ ਮਨੋਰੰਜਨ ਦੇ ਸਾਧਨਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵੈਸੇ ਤਾਂ ਕਿਸੇ ਮੁਸੀਬਤ ਦੇ ਖੌਫ਼ ਵਿਚ ਹਾਸਾ ਆਉਣਾ ਮੁਸ਼ਕਲ ਹੈ ਪਰ ਕਪਿਲ ਸ਼ਰਮਾ ਦੇ ਸ਼ੋਅ ਵਰਗੇ ਕੁੱਝ ਸਰੋਤ ਹਨ ਜੋ ਰੌਂਦੇ ਨੂੰ ਵੀ ਹਸਾਉਣ ਦਾ ਮਾਦਾ ਰੱਖਦੇ ਹਨ। ਪਰ ਹੁਣ ਅਜਿਹੇ ਸਾਧਨਾਂ 'ਤੇ ਵੀ ਕਰੋਨਾ ਦਾ ਸਾਇਆ ਪੈਣਾ ਸ਼ੁਰੂ ਹੋ ਗਿਆ ਹੈ।

ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾਵਾਇਰਸ ਦੇ ਖੌਫ਼ ਕਾਰਨ ਕਪਿਲ ਸ਼ਰਮਾ ਨੂੰ ਵੀ ਅਪਣੇ ਸ਼ੋਅ ਦੀ ਸ਼ੂਟਿੰਗ ਨੂੰ ਹਾਲ ਦੀ ਘੜੀ ਰੋਕਣਾ ਪਿਆ ਹੈ। ਰਿਪੋਰਟ ਮੁਤਾਬਕ ਕਪਿਲ ਸ਼ਰਮਾ ਦੇ ਸ਼ੋਅ ਦੇ ਐਪੀਸੋਡ ਦੀ ਸ਼ੂਟਿੰਗ 18 ਮਾਰਚ ਨੂੰ ਹੋਣੀ ਤੈਅ ਸੀ, ਪਰ ਹੁਣ ਇਸ ਨੂੰ ਅਣਮਿੱਥੇ ਸਮੇਂ ਲਈ ਟਾਲਣਾ ਪਿਆ ਹੈ। ਸਟਾਰ ਕਾਸਟ ਤੋਂ ਲੈ ਕੇ ਕਰੂ ਤਕ ਸਾਰੇ ਲੋਕਾਂ ਨੂੰ ਘਰ ਅੰਦਰ ਰਹਿਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ।

ਰਿਪੋਰਟ ਮੁਤਾਬਕ ਸ਼ੋਅ 'ਚ ਚੰਦੂ ਚਾਹ ਵਾਲੇ ਦਾ ਰੋਲ ਕਰਨ ਵਾਲੇ ਚੰਦਰ ਪ੍ਰਭਾਕਰ ਨੂੰ ਜਦੋਂ ਸ਼ੂਟਿੰਗ ਸਬੰਧੀ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਬੁੱਧਵਾਰ ਨੂੰ ਇਕ ਐਪੀਸੋਡ ਸ਼ੂਟ ਕਰਨਾ ਸੀ, ਪਰ ਹੁਣ ਸਾਨੂੰ ਅਗਲੀ ਸੂਚਨਾ ਤਕ ਸ਼ੂਟ ਦੇ ਕੈਂਸਲ ਹੋਣ ਦੀ ਜਾਣਕਾਰੀ ਦਿਤੀ ਗਈ ਹੈ।

ਕਾਬਲੇਗੌਰ ਹੈ ਕਿ ਕੋਰੋਨਾਵਾਇਰਸ ਦਾ ਅਸਰ ਫ਼ਿਲਮਾਂ ਤੋਂ ਲੈ ਕੇ ਦੂਜੇ ਪ੍ਰਸਿੱਧ ਟੀਵੀ ਸ਼ੋਆਂ ਦੀ ਸ਼ੂਟਿੰਗ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਟੀਵੀ ਸ਼ੋਅ ਤਾਰਿਕ ਮਹਿਤਾ ਦਾ ਉਲਟਾ ਚਸਮਾ ਦੇ ਪ੍ਰੋਡਿਊਸਰ ਨੇ ਵੀ ਟਵਿੱਟਰ ਜ਼ਰੀਏ ਜਾਣਕਾਰੀ ਦਿਤੀ ਹੈ ਕਿ ਸਾਨੂੰ ਫਿਲਮਸਿਟੀ ਦੇ ਸੈੱਟ 'ਤੇ ਸ਼ੂਟਿੰਗ ਕਰਨ ਦੀ ਆਗਿਆ ਨਹੀਂ ਮਿਲੀ।

ਪ੍ਰੋਡਿਊਸਰ ਨੇ ਟਵੀਟ ਕੀਤਾ ਕਿ ਸਾਨੂੰ ਇਸ ਸਰਕੂਲਰ ਬਾਰੇ ਕੋਈ ਸਪੱਸ਼ਟਤਾ ਨਹੀਂ ਮਿਲ ਰਹੀ। ਅਚਾਨਕ ਫ਼ਿਲਮਸਿਟੀ ਸਾਨੂੰ ਸ਼ੂਟਿੰਗ ਨਹੀਂ ਕਰਨ ਦੇ ਰਹੀ। ਅਸੀਂ ਸੈੱਟ 'ਤੇ ਹਰ ਇਕ ਆਦੇਸ਼ ਦਾ ਪਾਲਣ ਕਰ ਰਹੇ ਹਾਂ।