ਹੁਣ ਕਣਕ ਆ ਗਈ ਪਾਰਲੀਮੈਂਟ ’ਚ ਜਾ ਕੇ ਅੰਬਾਨੀ-ਅਡਾਨੀ ਦੇ ਕਾਉਂਟਰਾਂ 'ਤੇ ਵੇਚਾਂਗੇ: ਟਿਕੈਤ
ਗੰਗਾ ਨਗਰ ਮਹਾਪੰਚਾਇਤ ‘ਚ ਬੋਲੇ ਰਾਕੇਸ਼ ਟਿਕੈਤ, ਰਾਜਸਥਾਨ ਵੀ ਬਣੇਗਾ ਕ੍ਰਾਂਤੀਕਾਰੀ...
ਗੰਗਾਨਗਰ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਦੇ ਖਿਲਾਫ਼ ਅੱਜ ਰਾਜਸਥਾਨ ਦੇ ਗੰਗਾਨਗਰ ਵਿਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਹੈ, ਜਿੱਥੇ ਮਹਾਪੰਚਾਇਤ ਨੂੰ ਭਰਵਾ ਹੁੰਗਾਰਾ ਮਿਲਿਆ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ।
ਗੰਗਾਨਗਰ ਦੀ ਮਹਾਪੰਚਾਇਤ ਦੇ ਇਕੱਠ ਨੂੰ ਦੇਖਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਰਾਜਸਥਾਨ ਹੁਣ ਜਾਗ ਗਿਆ ਹੈ ਤੇ ਇਹ ਕ੍ਰਾਂਤੀਕਾਰੀ ਬਣੇਗਾ। ਰਾਜਸਥਾਨ ਨੇ ਦੇਸ਼ ਦੇ ਬਾਰਡਰਾਂ ‘ਤੇ ਲੜਾਈਆਂ ਲਈਆਂ, ਦੂਜੇ ਦੇਸ਼ਾਂ ਨਾਲ ਲੜੀਆਂ, ਆਪਣੇ ਹੱਕਾਂ ਲਈ ਲੜਨਾ ਰਾਜਸਥਾਨ ਦਾ ਰਵਾਇਤੀ ਕੰਮ ਹੈ ਤੇ ਰਾਜਸਥਾਨ ਇਸ ਲੜਾਈ ਵਿਚ ਵੀ ਜਿੱਤੇਗਾ ਕਿਉਂਕਿ ਇਹ ਤਾਂ ਸਿਰਫ਼ ਕਿਸਾਨ ਦੀ ਲੜਾਈ ਹੈ, ਰਾਜਸਥਾਨ ਨੇ ਤਾਂ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜੀ ਹੈ।
ਸਰਕਾਰ ਵੱਲੋਂ ਖੇਤੀ ਕਾਨੂੰਨਾਂ ਅੰਦਰੂਨੀ ਮਾਮਲਾ ਦੱਸਣ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਇਹ ਅੰਦਰੂਨੀ ਮਾਮਲਾ ਹੈ ਤਾਂ ਇਸ ਮਾਮਲੇ ਨੂੰ ਬਾਹਰ ਕਿਉਂ ਜਾਣ ਦਿੱਤਾ ਜਾਂਦਾ ਹੈ, ਤਿੰਨੋ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰ ਦੇਵੇ ਤੇ ਫਸਲਾਂ ਉਤੇ ਐਮਐਸਪੀ ਲਈ ਕਾਨੂੰਨ ਬਣਾ ਦੇਵੇ ਤਾਂ ਸਾਡਾ ਮਸਲਾ ਸੁਲਝ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦਾ ਇਕ ਵੱਡਾ ਮੁੱਦਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਤੱਕ ਕਿਸਾਨੀ ਅੰਦੋਲਨ ਦੀ ਗੱਲ ਚੱਲ ਰਹੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਹੁਣ ਕਣਕ ਦੀ ਫ਼ਸਲ ਆ ਜਾਵੇਗੀ ਅਸੀਂ ਐਸਡੀਐਮ, ਡੀਸੀ, ਐਮ.ਪੀ, ਐਮਐਲਏ ਅਤੇ ਪਾਰਲੀਮੈਂਟ ਵਿਚ ਜਾ ਕੇ ਅੰਬਾਨੀ ਅਡਾਨੀ ਦੇ ਕਾਉਂਟਰਾਂ ‘ਤੇ ਵੇਚਾਂਗੇ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਫਸਲ ਮੰਡੀ ਤੋਂ ਬਾਹਰ ਕਿਤੇ ਵੀ ਵੇਚ ਸਕਦੇ ਹੋ।