ਨੰਦੀਗਰਾਮ ਘਟਨਾ 'ਤੇ ਬੋਲੇ ਅਨਿਲ ਵਿੱਜ, ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਹੈ ਮਮਤਾ ਬੈਨਰਜੀ
ਕਿਹਾ, ਉਨ੍ਹਾਂ ਨੂੰ ਅਜਿਹੀ ਕੋਈ ਸੱਟ ਨਹੀਂ ਲੱਗੀ, ਜਿਹੋ ਜਿਹਾ ਪ੍ਰਚਾਰ ਕੀਤਾ ਜਾ ਰਿਹੈ
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਰੈਲੀ ਦੌਰਾਨ ਜ਼ਖਮੀ ਹੋਣ 'ਤੇ ਸਿਆਸਤ ਗਰਮਾ ਗਈ ਹੈ। ਇਸ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਦੀ ਘਟਨਾ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਹੈ।
ਟਵੀਟ ਜ਼ਰੀਏ ਦਿੱਤੇ ਬਿਆਨ ਵਿਚ ਅਨਿਲ ਵਿੱਜ ਨੇ ਲਿਖਿਆ ਹੈ, "ਮਮਤਾ ਬੈਨਰਜੀ ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਥੋੜੇ ਜਿਹੇ ਅੱਥਰੂ ਵਹਾ ਕੇ ਲੋਕਾਂ ਦੀ ਸਹਿਮਤੀ ਬਟੋਰ ਲਈ ਜਾਵੇ ਪਰ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਖੇਡ ਖਤਮ ਹੋ ਚੁੱਕੀ ਹੈ. ਉਨ੍ਹਾਂ ਨੂੰ ਕੋਈ ਅਜਿਹੀ ਸੱਟ ਨਹੀਂ ਲੱਗੀ, ਜਿਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ।"
ਕਾਬਲੇਗੌਰ ਹੈ ਕਿ ਬੀਤੇ ਕੱਲ੍ਹ (ਬੁੱਧਵਾਰ) ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਦੇ ਪੈਰ 'ਤੇ ਉਸ ਵੇਲੇ ਸੱਟ ਲੱਗ ਗਈ ਸੀ ਜਦੋਂ ਉਹ ਕਾਰ ਵਿਚ ਸਵਾਰ ਹੋਣ ਜਾ ਰਹੀ ਸੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਨੰਦੀਗਰਾਮ ਵਿਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਕਥਿਤ ਧੱਕਾ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਹੈ।
ਮਮਤਾ ਮੁਤਾਬਕ ਉਹ ਕਾਰ ਦੇ ਬਾਹਰ ਖੜ੍ਹੀ ਸੀ ਜਿਸ ਦਾ ਦਰਵਾਜ਼ਾ ਖੁਲਾ ਸੀ। ਮੈਂ ਉਥੇ ਮੰਦਰ ਵਿਚ ਪ੍ਰਾਥਨਾ ਕਰਨ ਜਾ ਰਹੀ ਸੀ ਕਿ ਕੁੱਝ ਲੋਕ ਮੇਰੇ ਕੋਲ ਆਏ ਅਤੇ ਦਰਵਾਜੇ ਨੂੰ ਧੱਕਾ ਦੇ ਦਿੱਤਾ ਅਤੇ ਕਾਰ ਦਾ ਦਰਵਾਜ਼ਾ ਮੇਰੇ ਪੈਰ 'ਤੇ ਲੱਗ ਗਿਆ।
ਮਮਤਾ ਮੁਤਾਬਕ ਘਟਨਾ ਸਮੇਂ ਸਥਾਨਕ ਪੁਲਿਸ ਕੋਲ ਮੌਜੂਦ ਨਹੀਂ ਸੀ। ਮਮਤਾ ਨੇ ਇਸ ਘਟਨਾ ਪਿੱਛੇ ਸਾਜ਼ਸ਼ ਹੋਣ ਦੇ ਦੋਸ਼ ਲਾਉਂਦਿਆਂ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਨ ਦੀ ਗੱਲ ਕਹੀ ਸੀ। ਇਸ ਘਟਨਾ ਨੂੰ ਲੈ ਕੇ ਸੁਰੱਖਿਆ ਬਾਰੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਮੁੱਖ ਮੰਤਰੀ ਨੂੰ ਜੈਡ ਪਲੱਸ ਦੀ ਸੁਰੱਖਿਆ ਮਿਲੀ ਹੋਈ ਹੈ ਅਤੇ ਇਸ ਦੇ ਹੁੰਦਿਆਂ ਮੁੱਖ ਮੰਤਰੀ ਦੇ ਸੱਟ ਲੱਗ ਜਾਣਾ ਵੱਡੀ ਗੱਲ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਅੱਥਰੂ ਉਸ ਸਮੇਂ ਅੰਦੋਲਨ ਲਈ ਸੰਜੀਵਨੀ ਸਾਬਤ ਹੋਏ ਸਨ, ਜਦੋਂ 26 ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਡਿੱਗਣ ਦੇ ਹਲਾਤ ਬਣ ਗਏ ਸਨ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਵੁਕ ਅਪੀਲ ਕੀਤੀ ਜਿਸ ਤੋਂ ਬਾਅਦ ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚੋਂ ਰਾਤੋ ਰਾਤ ਵੱਡੀ ਗਿਣਤੀ ਕਿਸਾਨ ਗਾਜ਼ੀਪੁਰ ਬਾਰਡਰ 'ਤੇ ਪਹੁੰਚ ਗਏ ਸਨ।