TMC ’ਤੇ ਵਰ੍ਹੇ ਪੀਐਮ ਮੋਦੀ, ਲੋਕਾਂ ਦਾ ਇਰਾਦਾ ਦੇਖ ਕੇ ਦੀਦੀ ਅਪਣਾ ਗੁੱਸਾ ਮੇਰੇ ਉੱਤੇ ਕੱਢ ਰਹੀ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਪੁਰੂਲਿਆ ਵਿਚ ਜਨ ਸਭਾ ਨੂੰ ਕੀਤਾ ਸੰਬੋਧਨ

PM Modi and Mamata Banerjee

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਲਈ ਸਿਆਸੀ ਹਲਚਲ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਰਟੀ ਦੇ ਹੱਕ ਵਿਚ ਮਾਹੌਲ ਬਣਾਉਣ ਲਈ ਪੁਰੂਲਿਆ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਜਨਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਵਿਰੋਧੀਆਂ ’ਤੇ ਹਮਲਾ ਬੋਲਿਆ।

ਉਹਨਾਂ ਕਿਹਾ ਕਿ ਪਹਿਲਾਂ ਖੱਬੇਪੱਖੀਆਂ ਅਤੇ ਫਿਰ ਟੀਐਮਸੀ ਦੀ ਸਰਕਾਰ ਨੇ ਇੱਥੇ ਉਦਯੋਗ ਨੂੰ ਵਧਣ ਨਹੀਂ ਦਿੱਤਾ। ਇੱਥੇ ਸਿੰਜਾਈ ਲਈ ਜਿੰਨਾ ਕੰਮ ਹੋਣਾ ਚਾਹੀਦਾ ਸੀ, ਉਹ ਵੀ ਨਹੀਂ ਹੋਇਆ। ਘੱਟ ਪਾਣੀ ਕਾਰਨ ਪਸ਼ੂਆਂ ਨੂੰ ਪਾਲਣ ਵਿਚ ਹੋਣ ਵਾਲੀ ਮੁਸ਼ਕਲ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਟੀਐਮਸੀ ’ਤੇ ਦੋਸ਼ ਲਗਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ-ਕਿਸਾਨਾਂ ਨੂੰ ਅਪਣੇ ਹਾਲ ਉੱਤੇ ਛੱਡ ਕੇ ਟੀਐਮਸੀ ਸਰਕਾਰ ਸਿਰਫ ਅਪਣੇ ਖੇਡ ਵਿਚ ਹੀ ਲੱਗੀ ਰਹੀ। ਇਹਨਾਂ ਨੇ ਪੁਰੂਲਿਆ ਨੂੰ ਜਲ ਸੰਕਟ ਨਾਲ ਭਰਿਆ ਜੀਵਨ, ਪਰਵਾਸ, ਗਰੀਬਾਂ ਨੂੰ ਭੇਦਭਾਵ ਭਰਿਆ ਸ਼ਾਸਨ ਦਿੱਤਾ।

ਪੀਐਮ ਮੋਦੀ ਨੇ ਕਿਹਾ ਕਿ ਟੀਐਮਸੀ ਸਰਕਾਰ ਨੇ ਪੁਰੂਲਿਆ ਦੀ ਪਛਾਣ ਦੇਸ਼ ਦੇ ਸਭ ਤੋਂ ਪਛੜੇ ਖੇਤਰ ਵਜੋਂ ਬਣਾਈ ਹੈ। ਬੰਗਾਲ ਵਿਚ ਹੋਣ ਜਾ ਰਹੀਆਂ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਮਈ ਤੋਂ ਬਾਅਦ ਜਦੋਂ ਪੱਛਮੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਉਦਯੋਗ ਅਤੇ ਰੁਜ਼ਗਾਰ ਲਈ ਅਨੇਕਾਂ ਮੌਕੇ ਪੈਦਾ ਹੋਣਗੇ। ਇੱਥੇ ਅਜਿਹੀ ਵਿਵਸਥਾ ਲਾਗੂ ਕੀਤੀ ਜਾਵੇਗੀ ਕਿ ਲੋਕਾਂ ਨੂੰ ਪਰਵਾਸ ਲਈ ਮਜਬੂਰ ਨਹੀਂ ਹੋਣਾ ਪਵੇਗਾ।

ਉਹਨਾਂ ਕਿਹਾ ਦਲਿਤ, ਆਦਿਵਾਸੀ, ਪਿਛੜੇ ਇਲਾਕਿਆਂ ਦੇ ਸਾਡੇ ਨੌਜਵਾਨ ਵੀ ਰੁਜ਼ਗਾਰ ਦੇ ਮੌਕਿਆਂ ਨਾਲ ਜੁੜ ਸਕਣ, ਇਸ ਲਈ ਹੁਨਰ ਵਿਕਾਸ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਪੱਛਮ ਬੰਗਾਲ ਵਿਚ ਟੀਐਮਸੀ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਤੇ ਇਹ ਗੱਲ ਮਮਤਾ ਦੀਦੀ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਰਹੀ ਹੈ।

ਉਹਨਾਂ ਕਿਹਾ ਤਸੱਲੀ ਦੇ 10 ਸਾਲਾਂ ਬਾਅਦ, ਲੋਕਾਂ 'ਤੇ ਲਾਠੀਚਾਰਜ ਕਰਵਾਉਣ ਤੋਂ ਬਾਅਦ, ਹੁਣ ਮਮਤਾ ਦੀਦੀ ਅਚਾਨਕ ਬਦਲੀ-ਬਦਲੀ ਦਿਖ ਰਹੀ ਹੈ। ਇਹ ਦਿਲ ਦੀ ਤਬਦੀਲੀ ਨਹੀਂ, ਇਹ ਹਾਰਨ ਦਾ ਡਰ ਹੈ। ਇਹ ਬੰਗਾਲ ਦੀ ਜਨਤਾ ਦੀ ਨਰਾਜ਼ਗੀ ਹੈ, ਜੋ ਦੀਦੀ ਕੋਲੋਂ ਇਹ ਸਭ ਕਰਵਾ ਰਹੀ ਹੈ। ਬੀਤੇ ਦਿਨੀਂ ਮਮਤਾ ਬੈਨਰਜੀ ਦੇ ਪੈਰ ’ਤੇ ਲੱਗੀ ਸੱਟ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਜਦੋਂ ਦੀਦੀ ਨੂੰ ਸੱਟ ਲੱਗੀ ਤਾਂ ਸਾਨੂੰ ਚਿੰਤਾ ਹੋਈ। ਮੇਰੀ ਅਰਦਾਸ ਹੈ ਕਿ ਉਹਨਾਂ ਦੇ ਪੈਰ ਦੀ ਸੱਟ ਜਲਦ ਤੋਂ ਜਲਦ ਠੀਕ ਹੋ ਜਾਵੇ।

ਪੀਐਮ ਮੋਦੀ ਨੇ ਕਿਹਾ ਬੰਗਾਲ ਦੇ ਲੋਕ ਬਹੁਤ ਪਹਿਲਾਂ ਤੋਂ ਬੋਲ ਰਹੇ ਹਨ ਕਿ ਲੋਕ ਸਭਾ ਵਿਚ ਟੀਐਮਸੀ ਹਾਫ ਅਤੇ ਇਸ ਵਾਰ ਪੂਰੀ ਸਾਫ। ਲੋਕਾਂ ਦਾ ਇਰਾਦਾ ਦੇਖ ਕੇ ਦੀਦੀ ਅਪਣਾ ਗੁੱਸਾ ਮੇਰੇ ਉੱਤੇ ਕੱਢ ਰਹੀ ਹੈ ਪਰ ਸਾਡੇ ਲਈ ਦੇਸ਼ ਦੀਆਂ ਕਰੋੜਾਂ ਧੀਆਂ ਦੀ ਤਰ੍ਹਾਂ ਦੀਦੀ ਵੀ ਭਾਰਤ ਦੀ ਇਕ ਬੇਟੀ ਹੈ, ਜਿਨ੍ਹਾਂ ਦਾ ਮਾਣ ਸਨਮਾਨ ਸਾਡੇ ਸੰਸਕਾਰਾਂ ਵਿਚ ਵਸਿਆ ਹੈ।