Court News: Z+ ਸੁਰੱਖਿਆ ਸਬੰਧੀ ਅਭੈ ਚੌਟਾਲਾ ਦੀ ਪਟੀਸ਼ਨ ’ਤੇ ਹੋਈ ਸੁਣਵਾਈ; ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਸਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਤਕ ਸੁਣਵਾਈ ਮੁਲਤਵੀ

Abhay Chautala

Court News: ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਨੇ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਏਜੰਸੀ ਰਾਹੀਂ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਅਦਾਲਤ ਨੂੰ ਦਸਿਆ ਸੀ ਕਿ ਸਰਕਾਰ ਚੌਟਾਲਾ ਨੂੰ ਦਰਪੇਸ਼ ਧਮਕੀਆਂ ਅਤੇ ਖਤਰਿਆਂ ਦਾ ਮੁਲਾਂਕਣ ਕਰ ਰਹੀ ਹੈ। ਸਰਕਾਰ ਨੇ ਅਦਾਲਤ ਨੂੰ ਇਸ ਮਾਮਲੇ ਵਿਚ ਅਪਣਾ ਜਵਾਬ ਦਾਖ਼ਲ ਕਰਨ ਲਈ ਕੁੱਝ ਸਮਾਂ ਦੇਣ ਲਈ ਕਿਹਾ ਹੈ।

ਸਰਕਾਰ ਦੀ ਬੇਨਤੀ 'ਤੇ ਜਸਟਿਸ ਵਿਕਾਸ ਬਹਿਲ ਨੇ ਸਰਕਾਰ ਨੂੰ ਇਸ ਮਾਮਲੇ 'ਚ ਜਵਾਬ ਦਾਖ਼ਲ ਕਰਨ ਲਈ ਬੁੱਧਵਾਰ ਤਕ ਦਾ ਸਮਾਂ ਦਿੰਦੇ ਹੋਏ ਸੁਣਵਾਈ ਮੁਲਤਵੀ ਕਰ ਦਿਤੀ। ਅਪਣੀ ਪਟੀਸ਼ਨ ਵਿਚ ਚੌਟਾਲਾ ਨੇ ਹਾਲ ਹੀ ਵਿਚ ਕੁੱਝ ਗੈਂਗਸਟਰਾਂ ਵਲੋਂ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੀ ਹਤਿਆ ਦਾ ਵੀ ਹਵਾਲਾ ਦਿਤਾ ਹੈ।

ਅਭੈ ਸਿੰਘ ਅਨੁਸਾਰ 25 ਫਰਵਰੀ ਨੂੰ ਇਨੈਲੋ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦਾ ਇਕ ਗਰੋਹ ਵਲੋਂ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ। ਰਾਠੀ ਦੇ ਸਰੀਰ ਵਿਚ 11 ਗੋਲੀਆਂ ਲੱਗੀਆਂ ਸਨ। ਪਟੀਸ਼ਨ ਮੁਤਾਬਕ ਲੰਡਨ ਸਥਿਤ ਕੁੱਝ ਗੈਂਗਸਟਰਾਂ ਨੇ ਇਨੈਲੋ ਦੇ ਸੂਬਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। 7 ਮਾਰਚ ਨੂੰ, ਉਸ ਨੇ ਰਾਜ ਸਰਕਾਰ ਨੂੰ ਅਪਣੀ ਅਤੇ ਅਪਣੇ ਪਰਿਵਾਰਕ ਮੈਂਬਰਾਂ ਲਈ 24 ਘੰਟੇ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਲਈ ਇਕ ਮੰਗ ਪੱਤਰ ਸੌਂਪਿਆ ਸੀ।

ਦਾਇਰ ਪਟੀਸ਼ਨ ਅਨੁਸਾਰ ਅਭੈ ਹਰਿਆਣਾ ਰਾਜ ਵਿਧਾਨ ਸਭਾ ਵਿਚ ਅਤੇ ਜਨਤਕ ਮੀਟਿੰਗਾਂ ਅਤੇ ਰੈਲੀਆਂ ਵਿਚ ਨਸ਼ਾ ਤਸਕਰੀ, ਨਸ਼ਾਖੋਰੀ, ਸ਼ਰਾਬ ਘੁਟਾਲੇ, ਰਜਿਸਟਰੀ ਘੁਟਾਲੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ। ਉਹ ਕਿਸਾਨਾਂ ਅਤੇ ਬੇਸਹਾਰਾ ਲੋਕਾਂ ਦੇ ਸਮਰਥਨ ਵਿਚ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਸਰਕਾਰ ਦੀਆਂ ਲੋਕ ਹਿੱਤ ਵਿਰੋਧੀ ਨੀਤੀਆਂ ਦਾ ਵਿਰੋਧ ਵੀ ਕੀਤਾ ਹੈ। ਪਟੀਸ਼ਨ 'ਚ ਇਹ ਵੀ ਦਸਿਆ ਗਿਆ ਹੈ ਕਿ 17 ਜੁਲਾਈ 2023 ਨੂੰ ਉਨ੍ਹਾਂ ਦੀ ਪੈਦਲ ਯਾਤਰਾ ਦੌਰਾਨ ਰਾਤ ਕਰੀਬ 9 ਵਜੇ ਕਾਲਾਂ ਕੀਤੀਆਂ ਗਈਆਂ ਅਤੇ ਵਾਇਸ ਮੈਸੇਜ ਭੇਜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਗਈਆਂ।

ਇਸ ਦੇ ਲਈ ਅਭੈ ਦੇ ਨਿੱਜੀ ਸਹਾਇਕ ਰਮੇਸ਼ ਗੋਦਾਰਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਇਸ ਸਬੰਧੀ ਪਹਿਲਾਂ ਹੀ ਐਫਆਈਆਰ ਦਰਜ ਕਰ ਲਈ ਹੈ। ਚੌਟਾਲਾ ਅਨੁਸਾਰ ਉਹ ਹਰਿਆਣਾ ਦੇ ਇਕ ਪ੍ਰਮੁੱਖ ਸਿਆਸੀ ਪਰਵਾਰ ਨਾਲ ਸਬੰਧ ਰੱਖਦੇ ਹਨ ਅਤੇ ਲੋਕਾਂ ਲਈ ਹਰ ਪੱਧਰ 'ਤੇ ਸਰਕਾਰ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਪਟੀਸ਼ਨ 'ਚ ਹਾਈ ਕੋਰਟ ਨੂੰ ਇਸ ਮਾਮਲੇ 'ਚ ਉਚਿਤ ਹੁਕਮ ਦੇਣ ਦੀ ਬੇਨਤੀ ਕੀਤੀ ਗਈ ਹੈ।

(For more Punjabi news apart from Hearing on Abhay Chautala's petition regarding Z+ security, stay tuned to Rozana Spokesman)