ਈ.ਡੀ. ਨੇ ਬੈਂਗਲੁਰੂ ’ਚ ਸੋਰੋਸ ਦੀ ਫੰਡਿੰਗ ਏਜੰਸੀ ਅਤੇ ਨਿਵੇਸ਼ ਵਿੰਗ ’ਤੇ ਛਾਪੇ ਮਾਰੇ
ਜਾਂਚ ਸੋਰੋਸ ਅਧਾਰਤ ਦੋ ਇਕਾਈਆਂ ਵਲੋਂ ਕਥਿਤ ਤੌਰ ’ਤੇ FDI ਦੀ ਪ੍ਰਾਪਤੀ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ
ਨਵੀਂ ਦਿੱਲੀ/ਬੈਂਗਲੁਰੂ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾ ਦੇ ਮਾਮਲੇ ’ਚ ਅਮਰੀਕੀ ਅਰਬਪਤੀ ਜਾਰਜ ਸੋਰੋਸ ਦੀ ਸਥਾਪਿਤ ਨਿੱਜੀ ਫੰਡਿੰਗ ਏਜੰਸੀ ਓ.ਐੱਸ.ਐੱਫ. ਅਤੇ ਇਸ ਦੀ ਨਿਵੇਸ਼ ਬ੍ਰਾਂਚ ਈ.ਡੀ.ਐਫ. ਵਿਰੁਧ ਮੰਗਲਵਾਰ ਨੂੰ ਬੈਂਗਲੁਰੂ ’ਚ ਛਾਪੇਮਾਰੀ ਕੀਤੀ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਓਪਨ ਸੋਸਾਇਟੀ ਫਾਊਂਡੇਸ਼ਨ (ਓ.ਐਸ.ਐਫ.) ਅਤੇ ਆਰਥਕ ਵਿਕਾਸ ਫੰਡ (ਈ.ਡੀ.ਐਫ) ਦੇ ਕੁੱਝ ਲਾਭਪਾਤਰੀਆਂ ਦੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਅੱਠ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਕੁੱਝ ’ਚ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਐਸਪਾਡਾ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਨਾਮ ਦੀ ਇਕ ਕੰਪਨੀ ਨਾਲ ਜੁੜੇ ਲੋਕ ਸ਼ਾਮਲ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੂਤਰਾਂ ਨੇ ਦਸਿਆ ਕਿ ਐਸਪਾਡਾ ਇਨਵੈਸਟਮੈਂਟਸ ਭਾਰਤ ਵਿਚ ਸੋਰੋਸ ਈ.ਡੀ.ਐਫ (ਐਸ.ਈ.ਡੀ.ਐਫ) ਦਾ ਨਿਵੇਸ਼ ਸਲਾਹਕਾਰ ਜਾਂ ਫੰਡ ਮੈਨੇਜਰ ਹੈ। ਇਹ ਮਾਰੀਸ਼ਸ ਦੀ ਇਕ ਇਕਾਈ ਦੀ ‘ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ’ ਹੈ। ਉਨ੍ਹਾਂ ਦਸਿਆ ਕਿ ਐਸ.ਈ.ਡੀ.ਐਫ ਓਪਨ ਸੋਸਾਇਟੀ ਫਾਊਂਡੇਸ਼ਨ (ਓ.ਐਸ.ਐਫ.) ਦੀ ਪ੍ਰਭਾਵ ਨਿਵੇਸ਼ ਬ੍ਰਾਂਚ ਹੈ।
ਇਹ ਜਾਂਚ ਸੋਰੋਸ ਅਧਾਰਤ ਦੋ ਇਕਾਈਆਂ ਵਲੋਂ ਕਥਿਤ ਤੌਰ ’ਤੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਦੀ ਪ੍ਰਾਪਤੀ ਅਤੇ ਕੁੱਝ ਲਾਭਪਾਤਰੀਆਂ ਵਲੋਂ ਫੇਮਾ ਹਦਾਇਤਾਂ ਦੀ ਕਥਿਤ ਉਲੰਘਣਾ ਕਰ ਕੇ ਇਨ੍ਹਾਂ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ। ਈ.ਡੀ. ਦੇ ਸੂਤਰਾਂ ਨੇ ਦਸਿਆ ਕਿ ਮੁੱਢਲੀ ਜਾਂਚ ’ਚ ਪਾਇਆ ਗਿਆ ਹੈ ਕਿ ਓ.ਐਸ.ਐਫ. ਨੂੰ ਗ੍ਰਹਿ ਮੰਤਰਾਲੇ ਨੇ 2016 ’ਚ ‘ਅਗਾਊਂ ਹਵਾਲਾ ਸ਼੍ਰੇਣੀ’ ’ਚ ਰੱਖਿਆ ਸੀ ਅਤੇ ਬੇਕਾਬੂ ਢੰਗ ’ਚ ਭਾਰਤ ’ਚ ਗੈਰ-ਸਰਕਾਰੀ ਸੰਗਠਨਾਂ ਨੂੰ ਦਾਨ ਦੇਣ ’ਤੇ ਪਾਬੰਦੀ ਲਗਾਈ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਪਾਬੰਦੀ ਤੋਂ ਬਚਣ ਲਈ ਓ.ਐਸ.ਐਫ. ਨੇ ਭਾਰਤ ’ਚ ਸਹਾਇਕ ਕੰਪਨੀਆਂ ਨੂੰ ਸ਼ਾਮਲ ਕੀਤਾ ਹੈ ਅਤੇ ਐਫ.ਡੀ.ਆਈ. ਅਤੇ ਸਲਾਹ-ਮਸ਼ਵਰਾ ਫੀਸ ਦੇ ਰੂਪ ’ਚ ਪੈਸਾ ਲਿਆਂਦਾ ਹੈ ਅਤੇ ਇਨ੍ਹਾਂ ਫੰਡਾਂ ਦੀ ਵਰਤੋਂ ਗੈਰ-ਸਰਕਾਰੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਫੰਡ ਦੇਣ ਲਈ ਕੀਤੀ ਗਈ ਸੀ, ਜੋ ਫੇਮਾ ਦੀ ਉਲੰਘਣਾ ਹੈ।
ਸੂਤਰਾਂ ਨੇ ਦਸਿਆ ਕਿ ਏਜੰਸੀ ਸੋਰੋਸ, ਈ.ਡੀ.ਐਫ ਅਤੇ ਓ.ਐਸ.ਐਫ. ਵਲੋਂ ਐਫ.ਡੀ.ਆਈ. ਰਾਹੀਂ ਲਿਆਂਦੇ ਗਏ ਹੋਰ ਫੰਡਾਂ ਦੀ ਅੰਤਮ ਵਰਤੋਂ ਦੀ ਵੀ ਜਾਂਚ ਕਰ ਰਹੀ ਹੈ। ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਾਰਜ ਸੋਰੋਸ ’ਤੇ ਭਾਰਤ ਦੇ ਹਿੱਤਾਂ ਦੇ ਵਿਰੁਧ ਕੰਮ ਕਰਨ ਦਾ ਦੋਸ਼ ਲਾਇਆ ਹੈ। ਅਡਾਨੀ-ਹਿੰਡਨਬਰਗ ਵਿਵਾਦ ਦੌਰਾਨ ਉਨ੍ਹਾਂ ਦੇ ਬਿਆਨਾਂ ਦੀ ਵੀ ਪਾਰਟੀ ਨੇ ਆਲੋਚਨਾ ਕੀਤੀ ਸੀ।
ਓ.ਐਸ.ਐਫ. ਅਨੁਸਾਰ, ਇਹ ਮਨੁੱਖੀ ਅਧਿਕਾਰਾਂ, ਨਿਆਂ ਅਤੇ ਜਵਾਬਦੇਹ ਸਰਕਾਰ ਦਾ ਸਮਰਥਨ ਕਰਨ ਵਾਲੇ ਸਮੂਹਾਂ ਦੀ ਦੁਨੀਆਂ ਦੀ ਸੱਭ ਤੋਂ ਵੱਡੀ ਨਿੱਜੀ ਫੰਡਿੰਗ ਏਜੰਸੀਆਂ ’ਚੋਂ ਇਕ ਹੈ। ਅਧਿਕਾਰਤ ਅੰਕੜਿਆਂ ਮੁਤਾਬਕ 2021 ਦੌਰਾਨ ਭਾਰਤ ’ਤੇ ਇਸ ਦਾ ਕੁਲ ਖਰਚ 4,06,000 ਡਾਲਰ ਰਿਹਾ। ਓ.ਐਸ.ਐਫ. ਨੇ 1999 ’ਚ ਭਾਰਤ ’ਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਵਿਦਿਆਰਥੀਆਂ ਨੂੰ ਭਾਰਤੀ ਸੰਸਥਾਵਾਂ ’ਚ ਪੜ੍ਹਨ ਅਤੇ ਖੋਜ ਕਰਨ ਲਈ ਸਕਾਲਰਸ਼ਿਪ ਅਤੇ ਫੈਲੋਸ਼ਿਪ ਦੀ ਪੇਸ਼ਕਸ਼ ਕਰਦਾ ਹੈ।